ਨਵੀਂ ਦਿੱਲੀ, 09 ਅਕਤੂਬਰ। ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ’ਚ ਆਸਟ੍ਰੇਲੀਆ ਖਿਲਾਫ ਭਾਰਤ ਦੀ ਪਹਿਲੀ ਜਿੱਤ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮੈਚ ਵਿੱਚ ਕੇਐਲ ਰਾਹੁਲ ਦੀ ਬੱਲੇਬਾਜ਼ੀ ਸਭ ਤੋਂ ਵਧੀਆ ਰਹੀ। ਸ਼ੋਏਬ ਅਖਤਰ ਮੁਤਾਬਕ ਕੇਐੱਲ ਰਾਹੁਲ ਨੇ ਵਿਰਾਟ ਕੋਹਲੀ ਨਾਲੋਂ ਬਿਹਤਰ ਬੱਲੇਬਾਜ਼ੀ ਕੀਤੀ ਕਿਉਂਕਿ ਉਨ੍ਹਾਂ ਨੇ ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਆਊਟ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।
ਸ਼ੋਏਬ ਅਖਤਰ ਨੇ ਕਿਹਾ, ‘‘ਭਾਰਤ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਅਤੇ ਉਸਨੂੰ ਇਹ ਜਿੱਤ ਕੇਐੱਲ ਰਾਹੁਲ ਦੀ ਬਦੌਲਤ ਮਿਲੀ। ਉਨ੍ਹਾਂ ਆਪਣੀ ਅਥਾਰਿਟੀ ਸੈੱਟ ਕੀਤੀ ਅਤੇ ਦੱਸਿਆ ਕਿ ਉਹ ਹੁਣ ਇੱਕ ਵੱਖਰੀ ਲੀਗ ਵਿੱਚ ਹਨ। ਮੱਧ ਕ੍ਰਮ ਵਿੱਚ ਉਹ ਬਹੁਤ ਮਹੱਤਵਪੂਰਨ ਹਨ। ਵਿਰਾਟ ਕੋਹਲੀ ਨੇ ਵੀ ਚੰਗੀ ਪਾਰੀ ਖੇਡੀ ਪਰ ਉਨ੍ਹਾਂ ਨੇ ਮੌਕੇ ਦਿੱਤੇ, ਜਦਕਿ ਕੇਐੱਲ ਰਾਹੁਲ ਮੁਸ਼ਕਲ ਹਾਲਾਤਾਂ ‘ਚ ਆਏ ਅਤੇ ਕਿਸੇ ਵੀ ਆਸਟ੍ਰੇਲੀਆਈ ਨੂੰ ਮੌਕਾ ਨਹੀਂ ਦਿੱਤਾ।
ਦਰਅਸਲ ਆਸਟ੍ਰੇਲੀਆ ਵਲੋਂ ਦਿੱਤੇ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇਕ ਸਮੇਂ ਭਾਰਤੀ ਟੀਮ ਸਿਰਫ ਦੋ ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ। ਫਿਰ ਕੇਐਲ ਰਾਹੁਲ ਅਤੇ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਅਤੇ ਚੌਥੀ ਵਿਕਟ ਲਈ 165 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਯਕੀਨੀ ਬਣਾਈ। ਕੇਐਲ ਰਾਹੁਲ ਨੇ 115 ਗੇਂਦਾਂ ਵਿੱਚ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 97 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਨੇ 85 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਵਿਰਾਟ ਕੋਹਲੀ ਨੂੰ ਸ਼ੁਰੂਆਤ ਵਿੱਚ ਹੀ ਜੀਵਨਦਾਨ ਮਿਲਿਆ। ਮਿਸ਼ੇਲ ਮਾਰਸ਼ ਨੇ ਉਨ੍ਹਾਂ ਦਾ ਸਧਾਰਨ ਕੈਚ ਡ੍ਰਾਪ ਕਰ ਦਿੱਤਾ।
