ਬਟਾਲਾ, 19 ਅਕਤੂਬਰ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਫ਼ਜ਼ਲਾਬਾਦ ਵਿੱਚ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਲਾਗਲੇ ਪਿੰਡਾਂ ਤੋਂ ਕਈ ਕਿਸਾਨ ਸ਼ਾਮਿਲ ਹੋਏ। ਡਾ. ਵਿਸ਼ਾਰਡ ਕੁੰਦਰਾ ਖੇਤੀਬਾੜੀ ਵਿਕਾਸ ਅਫ਼ਸਰ ਦੇ ਪ੍ਰਬੰਧਨ ਹੇਠ ਲਗਾਏ ਕੈਂਪ ਵਿੱਚ ਡਾ. ਅਮਰੀਕ ਸਿੰਘ ਜ਼ਿਲਾ ਸਿਖਲਾਈ ਅਫਸਰ ਵਿਸ਼ੇਸ਼ ਤੌਰ ਤੇ ਪਹੁੰਚੇ।
ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿੱਚ ਸਮਾਂ ਘੱਟ ਹੋਣ ਕਾਰਨ ਮਲਚਿੰਗ /ਸਰਫ਼ਸ ਸੀਡਿੰਗ ਤਕਨੀਕ ਕਾਰਗਰ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਵਿੱਚ ਝੋਨੇ/ਬਾਸਮਤੀ ਦੀ ਕਟਾਈ ਉਪਰੰਤ ਖੇਤ ਨੂੰ ਵਾਹੁਣ ਤੋਂ ਬਗੈਰ ਖੜੇ ਫਸਲ ਦੇ ਕਰਚਿਆਂ/ਮੁੱਡਾਂ ਵਿੱਚ ਬੀਜ ਅਤੇ ਡਾਇਆ ਖਾਦ ਦਾ ਛੱਟਾ ਦੇ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਕਟਾਈ ਉਪਰੰਤ ਫਸਲ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚੋਂ ਹਟਾਏ ਬਗੈਰ ਖੜੇ ਮੁੱਢ /ਕਰਚਿਆਂ ਵਿੱਚ 40-45 ਕਿਲੋ ਬੀਜ ਦਾ ਛੱਟਾ ਦੇ ਦੇਣਾ ਚਾਹੀਦਾ ਹੈ ਅਤੇ ਛੱਟਾ ਦੇਣ ਉਪਰੰਤ ਮਲਚਰ ਜਾਂ ਕਟਰ ਕਮ ਸਪਰੈਡਰ ਨਾਲ ਪਰਾਲੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਇਕਸਾਰ ਖਿਲਾਰ ਦੇਣਾ ਚਾਹੀਦਾ ਹੈ ਤਾਂ ਜੋ ਕਣਕ ਸਹੀ ਤਰ੍ਹਾਂ ਉੱਗ ਸਕੇ।
ਉਨ੍ਹਾਂ ਕਿਹਾਂ ਕਟਰ ਕਮ ਸਾਰੇਡਰ ਨੂੰ 4 ਤੋਂ 5 ਇੰਚ ੳੱੁਚਾ ਰੱਖੋ ਤਾਂ ਜੋ ਬੀਜ ਇਕੱਠਾ ਨਾ ਹੋਵੇ। ਉਨਾਂ ਕਿਹਾ ਕਿ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਫੇਸ ਸੀਡਰ ਨਾਮ ਦੀ ਇੱਕ ਮਸ਼ੀਨ ਵੀ ਵਿਕਸਤ ਕੀਤੀ ਗਈ ਜਿਸ ਤੇ ਪੰਜਾਬ ਸਰਕਾਰ ਵੱਲੋਂ 40000 ਤੋਂ 64000/- ਤੱਕ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਖੇਤੀ ਲਾਗਤ ਖਰਚੇ ਘਟਾਉਣ ਲਈ ਝੋਨੇ ਅਤੇ ਬਾਸਮਤੀ ਦਾ ਬੀਜ ਜ਼ਰੂਰਤ ਅਨੁਸਾਰ ਖੁਦ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾਂ ਕਿ ਜੋ ਕਿਸਾਨ ਸਹਿਕਾਰੀ ਸਭਾਵਾਂ ਦੇ ਮੈਂਬਰ ਨਹੀਂ ਹਨ, ਉਹ ਜਲਦ ਤੋਂ ਜਲਦ ਸਹਿਕਾਰੀ ਸਭਾ ਦੇ ਮੈਂਬਰ ਬਣਨ ਤਾਂ ਜੋ ਡਾਇਆ ਖਾਦ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾਂ ਆਵੇ।
ਡਾ. ਵਿਸ਼ਾਰਡ ਕੁੰਦਰਾ ਨੇ ਤੇਲ ਬੀਜ ਫਸਲਾਂ ਦੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਣਕਾਰੀ ਦਿੰਦੀਆਂ ਕਿਹਾ ਕਿ ਤੇਲ ਬੀਜ ਫਸਲਾਂ ਦੀ ਵੱਧ ਰਹੀ ਮੰਗ ਨੂੰ ਮੁਖ ਰੱਖਦਿਆਂ ਸਰੋਂ, ਤੋਰੀਆ ਹੇਠ ਰਕਬਾ ਵਧਾਉਣਾ ਚਾਹੀਦਾ ਹੈ। ਉਨ੍ਹਾਂ ਪੀ ਐਮ ਕਿਸਾਨ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿੰਨਾਂ ਲਾਭਪਾਤਰੀਆਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਹਨ, ਉਨਾਂ ਨੂੰ ਈ ਕੇ ਵਾਈ ਸੀ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਅਗਲੀ ਕਿਸ਼ਨ ਕਿਸਾਨਾਂ ਦੇ ਖਾਤਿਆਂ ਵਿੱਚ ਆ ਸਕੇ।
