ਨਵੀਂ ਦਿੱਲੀ, 19 ਅਕਤੂਬਰ। ਨੇਸਲੇ ਇੰਡੀਆ ਲਿਮਟਿਡ ਨੇ ਚਾਲੂ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਮੈਗੀ ਅਤੇ ਕੌਫੀ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਣਾਉਣ ਵਾਲੀ ਨੈਸਲੇ ਇੰਡੀਆ ਲਿਮਟਿਡ ਦਾ ਸ਼ੁੱਧ ਲਾਭ ਜੁਲਾਈ-ਸਤੰਬਰ ‘ਚ 37.28 ਫੀਸਦੀ ਵਧ ਕੇ 908.08 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ‘ਚ 661.46 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ।
ਨੇਸਲੇ ਇੰਡੀਆ ਲਿਮਟਿਡ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਜੁਲਾਈ-ਸਤੰਬਰ ਤਿਮਾਹੀ ‘ਚ ਉਸ ਦਾ ਮੁਨਾਫਾ 37.28 ਫੀਸਦੀ ਵਧ ਕੇ 908.08 ਕਰੋੜ ਰੁਪਏ ਹੋ ਗਿਆ ਹੈ। ਇਸ ਸਮੇਂ ਦੌਰਾਨ ਕੰਪਨੀ ਦੀ ਸ਼ੁੱਧ ਵਿਕਰੀ 9.43 ਫੀਸਦੀ ਵਧ ਕੇ 5,009.52 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ 4,577.44 ਕਰੋੜ ਰੁਪਏ ਸੀ। ਹਾਲਾਂਕਿ ਜੁਲਾਈ-ਸਤੰਬਰ ਤਿਮਾਹੀ ‘ਚ ਕੁੱਲ ਖਰਚ 5.92 ਫੀਸਦੀ ਵਧ ਕੇ 3,954.49 ਕਰੋੜ ਰੁਪਏ ਹੋ ਗਿਆ ਜੋ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ‘ਚ 3,733.12 ਕਰੋੜ ਰੁਪਏ ਸੀ।
ਕੰਪਨੀ ਮੁਤਾਬਕ ਨੇਸਲੇ ਇੰਡੀਆ ਦੀ ਘਰੇਲੂ ਵਿਕਰੀ 10.33 ਫੀਸਦੀ ਵਧ ਕੇ 4,823.72 ਕਰੋੜ ਰੁਪਏ ਹੋ ਗਈ, ਜੋ ਵਿੱਤੀ ਸਾਲ 2022-23 ਦੀ ਜੁਲਾਈ-ਸਤੰਬਰ ਤਿਮਾਹੀ ‘ਚ 4,371.99 ਕਰੋੜ ਰੁਪਏ ਸੀ। ਹਾਲਾਂਕਿ, ਇਸਦੀ ਬਰਾਮਦ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ‘ਚ 205.45 ਕਰੋੜ ਰੁਪਏ ਤੋਂ 9.56 ਫੀਸਦੀ ਘੱਟ ਕੇ 185.80 ਕਰੋੜ ਰੁਪਏ ਰਹਿ ਗਈ। ਇਸ ਤੋਂ ਇਲਾਵਾ ਜੁਲਾਈ-ਸਤੰਬਰ ਤਿਮਾਹੀ ‘ਚ ਸੰਚਾਲਨ ਆਮਦਨ 9.45 ਫੀਸਦੀ ਵਧ ਕੇ 5,036.82 ਕਰੋੜ ਰੁਪਏ ਰਹੀ।
