ਹੁਸ਼ਿਆਰਪੁਰ, 27 ਸਤੰਬਰ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਥਾਨਕ ਡੀ.ਏ.ਵੀ ਕਾਲਜ ਕੈਂਪਸ ਵਿਖੇ 9ਵੇਂ ਰੋਜ਼ਗਾਰ ਮੇਲੇ ਤਹਿਤ ਕਰਵਾਏ ਗਏ ਪ੍ਰੋਗਰਾਮ ਦੌਰਾਨ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨਿਯੁਕਤੀਆਂ ਹਾਸਲ ਕਰਨ ਵਾਲਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਵੀਆਂ ਨਿਯੁਕਤੀਆਂ ਹਾਸਲ ਕਰਨ ਵਾਲੀ ਨੌਜਵਾਨ ਪੀੜ੍ਹੀ 2047 ਦੇ ਨਵੇਂ ਭਾਰਤ ਨੂੰ ਆਕਾਰ ਦੇਵੇਗੀ।
ਇਸ ਦੌਰਾਨ ਕੁੱਲ 285 ਨਵੇਂ ਚੁਣੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਡਾਕ ਵਿਭਾਗ ਵਿਚ ਨਿਯੁਕਤ ਕੀਤੇ ਗਏ ਹਨ। 25 ਨਵੀਆਂ ਨਿਯੁਕਤੀਆਂ ਹਾਸਲ ਕਰਨ ਵਾਲਿਆਂ ਨੂੰ ਮੰਤਰੀ ਨੇ ਖੁਦ ਨਿਯੁਕਤੀ ਪੱਤਰ ਸੌਂਪੇ ਅਤੇ ਉਥੇ ਮੌਜੂਦ ਹੋਰ ਪਤਵੰਤਿਆਂ ਵੱਲੋਂ ਬਾਕੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਪ੍ਰਧਾਨ ਮੰਤਰੀ ਵੱਲੋਂ 51,000 ਨਵੀਂਆਂ ਨਿਯੁਕਤੀਆਂ ਸੰਬੰਧਤ ਪੱਤਰ ਸੌਂਪਣ ਨਾਲ ਸਬੰਧਤ ਵਰਚੁਅਲ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਵੀ ਸਮਾਗਮ ਸਥਾਨ ‘ਤੇ ਇਸ ਦੌਰਾਨ ਦਿਖਾਇਆ ਗਿਆ। ਇਸ ਮੇਲੇ ਦਾ ਆਯੋਜਨ ਭਾਰਤੀ ਡਾਕ ਵਿਭਾਗ ਦੇ ਪੰਜਾਬ ਸਰਕਲ ਵੱਲੋਂ ਕੀਤਾ ਗਿਆ।ਸ੍ਰੀਮਤੀ ਮਨੀਸ਼ਾ ਬਾਂਸਲ, ਪੋਸਟ ਮਾਸਟਰ ਜਨਰਲ, ਚੰਡੀਗੜ੍ਹ ਸਰਕਲ, ਚਰਨਜੀਤ ਸਿੰਘ ਸੀਨੀਅਰ ਪੋਸਟਲ ਸੁਪਰਡੈਂਟ, ਹੁਸ਼ਿਆਰਪੁਰ ਅਤੇ ਕੈਲਾਸ਼ ਸ਼ਰਮਾ ਸਹਾਇਕ ਡਾਇਰੈਕਟਰ, ਡਾਕ ਵਿਭਾਗ, ਚੰਡੀਗੜ੍ਹ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਪੁਰੀ ਨੇ ਨਵੇਂ ਨਿਯੁਕਤੀਆਂ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਇਸ ਸਮੇਂ ਅੰਮ੍ਰਿਤ ਕਾਲ ਦੇ ਦੌਰ ਵਿਚ ਵਿਕਾਸ ਦੇ ਰਾਹ ‘ਤੇ ਚਲਦੇ ਹੋਏ ਸਾਲ ਵਿਚ 2023 ਪੁੱਜ ਗਿਆ ਹੈ ਅਤੇ ਇਸੇ ਰਾਹ ‘ਤੇ ਚੱਲਦਿਆਂ 2047 ਤੱਕ ਵਿਕਸਿਤ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਗਲੇ 20 ਸਾਲਾਂ ਵਿਚ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਇਹ ਨਵੀਆਂ ਨਿਯੁਕਤੀਆਂ ਦੇਸ਼ ਦੇ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਇਸ ਕਾਰਜ ਨੂੰ ਸੰਭਵ ਬਣਾਉਣ ਵਿਚ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਰਕਾਰ ਨੇ ਉੱਦਮਤਾ, ਖੇਡਾਂ, ਸਿੱਖਿਆ ਆਦਿ ਵਿਚ 90,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਇਸ ਦਾ ਲਾਭ ਸਾਡੀ ਨੌਜਵਾਨ ਪੀੜ੍ਹੀ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਨੌਜਵਾਨ ਪੀੜ੍ਹੀ ਇਸ ਦਾ ਨਾ ਸਿਰਫ਼ ਲਾਭ ਉਠਾਏਗੀ ਸਗੋਂ ਆਪਣੇ ਪੱਧਰ ’ਤੇ ਦੇਸ਼ ਦੇ ਵਿਕਾਸ ਵਿਚ ਸਹਿਯੋਗ ਦੇਣ ਵਿਚ ਵੀ ਸਹਾਈ ਹੋਵੇਗੀ।
