ਫਾਜ਼ਿਲਕਾ, 29 ਸਤੰਬਰ (ਹਿ. ਸ.)। ਸਹਾਇਕ ਸਿਵਲ ਸਰਜਨ ਫਾਜ਼ਿਲਕਾ ਡਾ. ਬਬਿਤਾ ਦੀ ਅਗਵਾਈ ਵਿੱਚ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਵਿਸ਼ਵ ਦਿਲ ਦਿਵਸ ਦੇ ਸਬੰਧ ਵਿੱਚ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਦੇ ਇਕ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਡੀਐੱਫਪੀਓ ਡਾ. ਕਵਿਤਾ ਵਿਸ਼ੇਸ਼ ਤੌਰ ’ਤੇ ਹਾਜਰ ਰਹੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ. ਬਬਿਤਾ ਨੇ ਦੱਸਿਆ ਕਿ ਦਿਲ ਮਨੁੱਖੀ ਸਰੀਰ ਦੇ ਸਭ ਤੋਂ ਅਹਿਮ ਅੰਗਾਂ ਵਿੱਚੋਂ ਇੱਕ ਹੈ। ਜੇਕਰ ਦਿਲ ਆਪਣਾ ਕੰਮ ਕਰਨਾ ਬੰਦ ਕਰ ਦੇ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਸ ਨੂੰ ਮੁਖ ਰੱਖਦੇ ਹੋਏ ਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਭਰ ਵਿੱਚ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਡਾ. ਬਬਿਤਾ ਨੇ ਕਿਹਾ ਕਿ ਉਮਰ ਤੇ ਸਿਹਤ ਅਨੁਸਾਰ 1 ਮਿੰਟ ‘ਚ ਆਮ ਵਿਅਕਤੀ ਦਾ ਦਿਲ 72 ਵਾਰੀ ਧੜਕਦਾ ਹੈ। ਇਕ ਸਟੱਡੀ ਅਨੁਸਾਰ 27 ਪ੍ਰਤਿਸ਼ਤ ਲੋਕ ਹਰ ਸਾਲ ਹਾਰਟ ਅਟੈਕ ਦਾ ਸ਼ਿਕਾਰ ਹੁੰਦੇ ਹਨ ਤੇ ਜੇਕਰ ਸਾਡੀ ਜੀਵਨ ਸ਼ੈਲੀ ਅਜਿਹੀ ਹੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਹਰ ਤੀਸਰਾ ਵਿਅਕਤੀ ਦਿਲ ਦਾ ਮਰੀਜ ਹੋਵੇਗਾ। ਉਹਨਾਂ ਕਿਹਾ ਕਿ ਵਿਅਕਤੀ ਨੂੰ ਰਾਤ ਨੂੰ ਘੱਟੋ ਘੱਟ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਸੈਰ ਅਤੇ ਯੋਗਾ ਨੂੰ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਡੀਐੱਫਪੀਓ ਡਾ. ਕਵਿਤਾ ਕੇ ਕਿਹਾ ਕਿ ਸ਼ਰਾਬ, ਤੰਬਾਕੂ, ਸਿਗਰੇਟ ਦਾ ਸੇਵਨ ਨਹੀਂ ਕਰਨਾ ਚਾਹੀਦਾ, ਤਨਾਅ ਤੋਂ ਦੂਰ ਰਹਿਣਾ ਚਾਹੀਦਾ, ਜਿੰਨਾ ਹੋਏ ਪੈਦਲ ਚੱਲੋ, ਸਾਈਕਲ ਚਲਾਓ, ਲਿਫਟ ਦੇ ਉਪਯੋਗ ਤੋਂ ਗੁਰੇਜ਼ ਕਰੋ। ਉਨ੍ਹਾਂ ਦੱਸਿਆ ਕਿ ਖਾਣ-ਪੀਣ ਵਿਚ ਪੋਸ਼ਟਿਕ ਆਹਾਰ ਲਵੋ ਅਤੇ ਤਲੀਆਂ ਵਸਤੂਆਂ ਖਾਣ ਤੋਂ ਗੁਰੇਜ਼ ਕਰੋ। ਉਨ੍ਹਾਂ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਲਗਾਤਾਰ ਨਵੀਂ ਬਿਮਾਰੀਆਂ ਅਤੇ ਸਾਡੀ ਖ਼ਰਾਬ ਖਾਣ-ਪਾਣ ਦੇ ਕਾਰਨ ਸਿਹਤ ‘ਤੇ ਖ਼ਰਾਬ ਅਸਰ ਪੈ ਰਿਹਾ ਹੈ, ਜਿਸਦੇ ਨਾਲ ਦਿਲ ਨੂੰ ਵੀ ਕਾਫ਼ੀ ਨੁਕਸਾਨ ਪੁੱਜਦਾ ਹੈ।ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਸ਼ਵ ਦਿਲ ਦਿਵਸ ਦੇ ਮਾਧਿਅਮ ਨਾਲ ਲੋਕਾਂ ਨੂੰ ਦਿਲ ਨੂੰ ਤੰਦਰੁਸਤ ਰੱਖਣ ਦੇ ਨਾਲ ਹੀ ਦਿਲ ਦੇ ਰੋਗ ਦੇ ਖਤਰੇ ਨੂੰ ਘੱਟ ਕਰਣ ਲਈ ਪ੍ਰੇਰਿਤ ਅਤੇ ਜਾਗਰੁਕ ਕੀਤਾ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
