ਨਵੀਂ ਦਿੱਲੀ, 29 ਸਤੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਲੋਕਾਂ ਨੂੰ 1 ਅਕਤੂਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਸਫ਼ਾਈ ਅਭਿਆਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਵੱਛ ਭਾਰਤ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਕੋਸ਼ਿਸ਼ ਮਾਇਨੇ ਰੱਖਦੀ ਹੈ।
ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਰਬਨ ਦੁਆਰਾ ਟਵਿੱਟਰ ’ਤੇ ਸ਼ੇਅਰ ਕੀਤੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ, “1 ਅਕਤੂਬਰ ਨੂੰ ਸਵੇਰੇ 10 ਵਜੇ, ਅਸੀਂ ਇੱਕ ਮਹੱਤਵਪੂਰਨ ਸਫਾਈ ਪਹਿਲ ਲਈ ਇਕੱਠੇ ਆ ਰਹੇ ਹਾਂ। ਸਵੱਛ ਭਾਰਤ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਕੋਸ਼ਿਸ਼ ਮਾਇਨੇ ਰੱਖਦੀ ਹੈ। ਇੱਕ ਸਾਫ਼-ਸੁਥਰੇ ਭਵਿੱਖ ਦੀ ਸ਼ੁਰੂਆਤ ਕਰਨ ਲਈ ਇਸ ਨੇਕ ਯਤਨ ਵਿੱਚ ਸ਼ਾਮਲ ਹੋਵੋ।”
ਇਸ ਤੋਂ ਪਹਿਲਾਂ ‘ਮਨ ਕੀ ਬਾਤ’ ਦੇ 105ਵੇਂ ਐਪੀਸੋਡ ’ਚ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘‘ਸਵੱਛਤਾ ’ਤੇ ਇਕ ਵੱਡਾ ਪ੍ਰੋਗਰਾਮ ਐਤਵਾਰ 1 ਅਕਤੂਬਰ ਨੂੰ ਸਵੇਰੇ 10 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਤੁਸੀਂ ਵੀ ਸਮਾਂ ਕੱਢ ਕੇ ਸਫ਼ਾਈ ਨਾਲ ਸਬੰਧਤ ਇਸ ਮੁਹਿੰਮ ਵਿੱਚ ਮਦਦ ਕਰੋ। ਤੁਸੀਂ ਆਪਣੀ ਗਲੀ, ਆਂਢ-ਗੁਆਂਢ ਜਾਂ ਕਿਸੇ ਪਾਰਕ, ਨਦੀ, ਝੀਲ ਜਾਂ ਕਿਸੇ ਹੋਰ ਜਨਤਕ ਸਥਾਨ ’ਤੇ ਵੀ ਇਸ ਸਫ਼ਾਈ ਮੁਹਿੰਮ ਵਿੱਚ ਸ਼ਾਮਲ ਹੋ ਸਕਦੇ ਹੋ।’’
ਉਨ੍ਹਾਂ ਕਿਹਾ ਕਿ ‘ਇੱਕ ਤਾਰੀਖ, ਇੱਕ ਘੰਟਾ, ਇੱਕ ਸਾਰ ਮੁਹਿੰਮ ਗਾਂਧੀ ਜਯੰਤੀ ਮਨਾਉਣ ਲਈ ਇਕ ਵਿਸ਼ਾਲ ਸਫ਼ਾਈ ਮੁਹਿੰਮ ਹੈ। ਇਹ ਪਹਿਲ ‘ਸਵੱਛਤਾ ਪਖਵਾੜਾ-ਸਵੱਛਤਾ ਹੀ ਸੇਵਾ 2023’’ ਮੁਹਿੰਮ ਦਾ ਹਿੱਸਾ ਹੈ। ਇਹ ਸਾਰੇ ਨਾਗਰਿਕਾਂ ਦੁਆਰਾ 1 ਅਕਤੂਬਰ ਨੂੰ ਸਵੇਰੇ 10 ਵਜੇ ਇੱਕ ਘੰਟੇ ਲਈ ‘ਸਵੱਛਤਾ ਲਈ ਸ਼੍ਰਮਦਾਨ’ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਦਾ ਪੂਰਕ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
