ਨਵੀਂ ਦਿੱਲੀ, 20 ਫਰਵਰੀ । ਪਹਾੜਾਂ ’ਤੇ ਪੈ ਰਹੇ ਮੀਂਹ ਅਤੇ ਹੋ ਰਹੀ ਬਰਫਬਾਰੀ ਦਾ ਅਸਰ ਆਖਿਰਕਾਰ ਰਾਸ਼ਟਰੀ ਰਾਜਧਾਨੀ ‘ਚ ਦੇਖਣ ਨੂੰ ਮਿਲਿਆ। ਦਿੱਲੀ-ਐੱਨਸੀਆਰ ਰਾਤ ਨੂੰ ਕਈ ਵਾਰ ਮੀਂਹ ਨਾਲ ਭਿੱਜੇ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ 21 ਫਰਵਰੀ ਨੂੰ ਵੀ ਦਿੱਲੀ ਦੇ ਨਾਲ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 22 ਫਰਵਰੀ ਨੂੰ ਪੂਰਬੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਵਿੱਚ ਮੀਂਹ ਪੈ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਹਿਮਾਲੀਅਨ ਖੇਤਰ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਅਰਬ ਸਾਗਰ ਤੋਂ ਨਮੀ ਲੈ ਕੇ ਪੱਛਮੀ ਹਵਾਵਾਂ ਚੱਲ ਰਹੀਆਂ ਹਨ। ਇਨ੍ਹਾਂ ਦੋਵਾਂ ਦੇ ਪ੍ਰਭਾਵ ਕਾਰਨ ਹੀ ਪਹਾੜੀ ਪ੍ਰਦੇਸ਼ਾਂ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਇਸ ਪ੍ਰਭਾਵ ਕਾਰਨ ਅਗਲੇ ਦੋ ਦਿਨਾਂ ਵਿੱਚ ਕੁਝ ਇਲਾਕਿਆਂ ਵਿੱਚ ਹਲਕੀ ਅਤੇ ਕੁੱਝ ’ਚ ਭਾਰੀ ਮੀਂਹ ਪੈ ਸਕਦਾ ਹੈ। ਪਹਾੜਾਂ ’ਤੇ ਬਰਫਬਾਰੀ ਵੀ ਹੋਵੇਗੀ। ਕੁਝ ਖੇਤਰਾਂ ਵਿੱਚ ਬਿਜਲੀ ਡਿੱਗ ਸਕਦੀ ਹੈ। ਕੁਝ ਥਾਵਾਂ ‘ਤੇ ਗਰਜ ਦੇ ਨਾਲ-ਨਾਲ ਬੂੰਦਾਂਬਾਂਦੀ ਹੋਣ ਦੀ ਸੰਭਾਵਨਾ ਹੈ।
