ਕਾਬੁਲ, 20 ਫਰਵਰੀ । ਅਫਗਾਨਿਸਤਾਨ ਦੇ ਪੂਰਬੀ ਸੂਬੇ ਨੂਰਿਸਤਾਨ ’ਚ ਕੱਲ੍ਹ (ਸੋਮਵਾਰ) ਬਰਫੀਲੇ ਤੋਦਿਆਂ ਨੇ ਭਾਰੀ ਤਬਾਹੀ ਮਚਾਈ ਹੈ। ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਨੂਰਿਸਤਾਨ ਦੀ ਤਾਤਿਨ ਘਾਟੀ ਦੇ ਨਾਕਰੇ ਪਿੰਡ ਵਿੱਚ ਰਾਤ ਭਰ ਬਰਫ਼ੀਫੇ ਤੋਦੇ ਅਤੇ ਮਲਬੇ ਦੀਆਂ ਪਰਤਾਂ ਹੇਠ ਘਰ ਦੱਬ ਗਏ।
ਅਫਗਾਨਿਸਤਾਨ ਟਾਈਮਜ਼ ਅਤੇ ਟੋਲੋ ਨਿਊਜ਼ ਦੇ ਅਨੁਸਾਰ, ਸੂਚਨਾ ਅਤੇ ਸੱਭਿਆਚਾਰ ਦੇ ਸੂਬਾਈ ਮੁਖੀ ਜਮੀਉੱਲ੍ਹਾ ਹਾਸ਼ਿਮੀ ਨੇ ਕਿਹਾ ਕਿ ਅਜੇ ਵੀ ਬਰਫਬਾਰੀ ਹੋ ਰਹੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਕਰੀਬ 20 ਘਰ ਜ਼ਮੀਨ ‘ਤੇ ਢਹਿ ਗਏ ਹਨ। ਪਿੰਡ ਵਿੱਚ ਵਿਆਪਕ ਤਬਾਹੀ ਹੋਈ ਹੈ। ਕਈ ਪਰਿਵਾਰ ਬੇਘਰ ਹੋ ਗਏ ਹਨ।
ਨੂਰਿਸਤਾਨ ਸੂਬੇ ਦੇ ਪਬਲਿਕ ਵਰਕਸ ਦੇ ਮੁਖੀ ਮੌਲਵੀ ਮੁਹੰਮਦ ਨਬੀ ਅਦੇਲ ਨੇ ਦੱਸਿਆ ਕਿ ਇਸ ਸਮੇਂ ਮੌਸਮ ਪ੍ਰਤੀਕੂਲ ਹੈ। ਇਸ ਲਈ ਹੈਲੀਕਾਪਟਰ ਨੂਰਿਸਤਾਨ ਵਿੱਚ ਨਹੀਂ ਉਤਰ ਸਕਦਾ। ਬਲਾਕ ਸੜਕਾਂ ਨੇ ਬਚਾਅ ਕਾਰਜਾਂ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਵਰਣਨਯੋਗ ਹੈ ਕਿ ਪਾਕਿਸਤਾਨ ਦੀ ਸਰਹੱਦ ‘ਤੇ ਸਥਿਤ ਨੂਰਿਸਤਾਨ ਸੂਬੇ ਦਾ ਇਹ ਇਕ ਰੁੱਖਾ ਪਹਾੜੀ ਇਲਾਕਾ ਹੈ। ਇਹ ਕੁਦਰਤੀ ਆਫ਼ਤਾਂ ਲਈ ਅਤਿਅੰਤ ਸੰਵੇਦਨਸ਼ੀਲ ਹੈ।
ਜਮੀਉੱਲ੍ਹਾ ਹਾਸ਼ਿਮੀ ਨੇ ਕਿਹਾ ਹੈ ਕਿ ਛੇ ਘਰਾਂ ਦੇ ਮਲਬੇ ਹੇਠ ਅਜੇ ਵੀ 25 ਤੋਂ 30 ਲਾਸ਼ਾਂ ਦੱਬੀਆਂ ਹੋਈਆਂ ਹਨ। ਪੰਜਸ਼ੀਰ ਦੀ ਸੁਰੱਖਿਆ ਕਮਾਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੂਬੇ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਦੋ ਖਣਿਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ।
