ਮੁੰਬਈ, 26 ਸਤੰਬਰ (ਹਿ. ਸ.)। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਹੁਣ ਮਿਸਿਜ਼ ਚੱਢਾ ਬਣ ਗਈ ਹੈ। 24 ਸਤੰਬਰ ਨੂੰ ਪਰਿਣੀਤੀ ਚੋਪੜਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਪਰਿਣੀਤੀ ਅਤੇ ਰਾਘਵ ਨੇ 25 ਸਤੰਬਰ ਨੂੰ ਸੋਸ਼ਲ ਮੀਡੀਆ ’ਤੇ ਇਸ ਖਾਸ ਪਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਲਈ ਫਿਲਹਾਲ ਪਰਿਣੀਤੀ ਦੇ ਵਿਆਹ ਦੇ ਲੁੱਕ ਤੋਂ ਲੈ ਕੇ ਉਨ੍ਹਾਂ ਦੇ ਮੰਗਲਸੂਤਰ ਤੱਕ ਹਰ ਚੀਜ਼ ਦੀ ਚਰਚਾ ਹੋ ਰਹੀ ਹੈ। ਵਿਆਹ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਹੁਣ ਵਿਆਹ ਤੋਂ ਪਰਿਣੀਤੀ ਅਤੇ ਰਾਘਵ ਚੱਢਾ ਦਾ ਡਾਂਸ ਵੀਡੀਓ ਸਾਹਮਣੇ ਆਇਆ ਹੈ। ਵਿਆਹ ਦੀ ਇਸ ਜੋੜੀ ਦੇ ਡਾਂਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਸ਼ੇਅਰ ਕੀਤਾ ਹੈ, ਜਿਸ ’ਚ ਪਰਿਣੀਤੀ ਅਤੇ ਰਾਘਵ ਛਤਰੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਪਰਿਣੀਤੀ ਅਤੇ ਰਾਘਵ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ ’ਚ ਪੰਜਾਬੀ ਅੰਦਾਜ਼ ਵਿੱਚ ਹੋਇਆ। ਇਸ ਤੋਂ ਬਾਅਦ ਪਰਿਣੀਤੀ 25 ਸਤੰਬਰ ਨੂੰ ਰਾਘਵ ਨਾਲ ਦਿੱਲੀ ਸਥਿਤ ਆਪਣੇ ਸਹੁਰੇ ਘਰ ਪਹੁੰਚੀ। ਦਿੱਲੀ ਏਅਰਪੋਰਟ ’ਤੇ ਇਸ ਨਵੇਂ ਵਿਆਹੇ ਜੋੜੇ ਦੀ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਮੌਕੇ ’ਤੇ ਪਰਿਣੀਤੀ ਨਿਓਨ ਕਲਰ ਦੀ ਡਰੈੱਸ, ਹੱਥ ’ਚ ਚੂੜਾ, ਮੱਥੇ ’ਤੇ ਸਿੰਦੂਰ, ਗਲੇ ਵਿੱਚ ਮੰਗਲਸੂਤਰ ਵਰਗੇ ਰਵਾਇਤੀ ਲੁੱਕ ’ਚ ਨਜ਼ਰ ਆਈ।
ਇਸ ਦੌਰਾਨ, ਜੋੜਾ ਜਲਦੀ ਹੀ ਦਿੱਲੀ ਅਤੇ ਮੁੰਬਈ ਦੋਵਾਂ ਵਿੱਚ ਨਜ਼ਦੀਕੀ ਦੋਸਤਾਂ ਲਈ ਇੱਕ ਰਿਸੈਪਸ਼ਨ ਪਾਰਟੀ ਦੀ ਮੇਜ਼ਬਾਨੀ ਕਰੇਗਾ। ਮੁੰਬਈ ’ਚ ਰਿਸੈਪਸ਼ਨ ਪਾਰਟੀ ’ਚ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
