ਮੁੰਬਈ, 11 ਨਵੰਬਰ (ਹਿ. ਸ.)। ‘ਕੌਫੀ ਵਿਦ ਕਰਨ’ ਦਾ ਅੱਠਵਾਂ ਸੀਜ਼ਨ ਚੱਲ ਰਿਹਾ ਹੈ। ਕਰਨ ਜੌਹਰ ਦੇ ਚੈਟ ਸ਼ੋਅ ਦਾ ਇੱਕ ਨਵਾਂ ਐਪੀਸੋਡ ਹਰ ਵੀਰਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ਹੁਣ ਤੱਕ ਇਸ ਦੇ ਤਿੰਨ ਭਾਗ ਰਿਲੀਜ਼ ਹੋ ਚੁੱਕੇ ਹਨ। ਅੱਠਵਾਂ ਸੀਜ਼ਨ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨਾਲ ਸ਼ੁਰੂ ਹੋਇਆ। ਸੰਨੀ ਦਿਓਲ ਅਤੇ ਬੌਬੀ ਦਿਓਲ ਦੂਜੇ ਐਪੀਸੋਡ ਵਿੱਚ ਨਜ਼ਰ ਆਏ ਸਨ ਅਤੇ ਸਟਾਰ ਕਿਡਸ ਸਾਰਾ ਅਲੀ ਖਾਨ ਅਤੇ ਅਨੰਨਿਆ ਪਾਂਡੇ ਤੀਜੇ ਐਪੀਸੋਡ ਵਿੱਚ ਨਜ਼ਰ ਆਏ। ਹੁਣ ਜਦੋਂ ਲੋਕ ਇਸ ਦੇ ਅਗਲੇ ਭਾਗ ਨੂੰ ਲੈ ਕੇ ਉਤਸੁਕ ਹਨ ਤਾਂ ਇਸ ਬਾਰੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਜਲਦ ਹੀ ‘ਕੌਫੀ ਵਿਦ ਕਰਨ’ ਦੇ ਸੀਜ਼ਨ 8 ‘ਚ ਨਜ਼ਰ ਆਉਣਗੇ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨਵੇਂ ਸੀਜ਼ਨ ‘ਚ ਕਰਨ ਜੌਹਰ ਸਲਮਾਨ ਨੂੰ ਇਨਵਾਈਟ ਕਰਨ ਜਾ ਰਹੇ ਹਨ, ਕਰਨ ਨੇ ਸਲਮਾਨ ਨਾਲ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸੀਜ਼ਨ ਦੀ ਸਮਾਪਤੀ ਸਲਮਾਨ ਖਾਨ ਦੀ ਮੌਜੂਦਗੀ ਨਾਲ ਹੋਵੇਗੀ।
ਫਿਲਹਾਲ ਸ਼ੋਅ ਦੇ ਮੇਕਰਸ ਅਜਿਹੇ ਸੈਲੀਬ੍ਰਿਟੀ ਸਟਾਰ ਦੀ ਤਲਾਸ਼ ਕਰ ਰਹੇ ਹਨ ਜੋ ਸਲਮਾਨ ਨਾਲ ਨਜ਼ਰ ਆ ਸਕੇ। ਸਲਮਾਨ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਸਲਮਾਨ ਖਾਨ ਇਸ ਤੋਂ ਪਹਿਲਾਂ ਦੋ ਵਾਰ ‘ਕੌਫੀ ਵਿਦ ਕਰਨ’ ‘ਚ ਨਜ਼ਰ ਆ ਚੁੱਕੇ ਹਨ। ਸਲਮਾਨ ਚੌਥੇ ਸੀਜ਼ਨ ‘ਚ ਪਹਿਲੀ ਵਾਰ ਸ਼ੋਅ ‘ਚ ਪਹੁੰਚੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਸਲੀਮ ਖਾਨ ਵੀ ਆਏ ਸਨ। ਉਹ 2016-17 ‘ਚ ਰਿਲੀਜ਼ ‘ਕੌਫੀ ਵਿਦ ਕਰਨ’ ਦੇ ਪੰਜਵੇਂ ਸੀਜ਼ਨ ‘ਚ ਆਪਣੇ ਭਰਾ ਅਰਬਾਜ਼ ਅਤੇ ਸੋਹੇਲ ਨਾਲ ਨਜ਼ਰ ਆਏ ਸਨ।
ਕਰਨ ਲਈ ਆਪਣੇ ਸ਼ੋਅ ‘ਤੇ ਮਹਿਮਾਨਾਂ ਦੀ ਜੋੜੀ ਨੂੰ ਬੁਲਾਉਣ ਦੀ ਪਰੰਪਰਾ ਬਣ ਗਈ ਹੈ। ਅਜਿਹੇ ‘ਚ ਮੇਕਰਸ ਫਿਲਹਾਲ ਅੱਠਵੇਂ ਸੀਜ਼ਨ ਲਈ ਸਲਮਾਨ ਦੇ ਪਾਰਟਨਰ ਦੀ ਤਲਾਸ਼ ਕਰ ਰਹੇ ਹਨ। ਚਰਚਾ ਹੈ ਕਿ ਇਸ ਸੀਜ਼ਨ ‘ਚ ਸਲਮਾਨ ਕੈਟਰੀਨਾ ਕੈਫ ਜਾਂ ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣਗੇ। ਫਿਲਹਾਲ ਇਨ੍ਹਾਂ ਤਿੰਨਾਂ ਦੀ ਫਿਲਮ ‘ਟਾਈਗਰ 3’ ਚਰਚਾ ‘ਚ ਹੈ। ਅਜਿਹੇ ‘ਚ ਕਰਨ ਜੌਹਰ ਦੇ ਸ਼ੋਅ ‘ਚ ਸਲਮਾਨ ਇਨ੍ਹਾਂ ਦੋਹਾਂ ‘ਚੋਂ ਕਿਸੇ ਇਕ ਨਾਲ ਨਜ਼ਰ ਆ ਸਕਦੇ ਹਨ। ਫਿਲਹਾਲ ਇਹ ਸਾਫ ਹੈ ਕਿ ਕਰਨ ਦੇ ਸ਼ੋਅ ਦੇ ਅਗਲੇ ਐਪੀਸੋਡ ‘ਚ ਕਰੀਨਾ ਕਪੂਰ, ਆਲੀਆ ਭੱਟ, ਅਜੇ ਦੇਵਗਨ, ਰੋਹਿਤ ਸ਼ੈੱਟੀ, ਕਾਜੋਲ ਅਤੇ ਰਾਣੀ ਮੁਖਰਜੀ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਕਰਨ ਜੌਹਰ ‘ਕੁਛ ਕੁਛ ਹੋਤਾ ਹੈ’ ਤੋਂ ਕਰੀਬ 25 ਸਾਲ ਬਾਅਦ ਸਲਮਾਨ ਨਾਲ ਫਿਲਮ ਕਰ ਰਹੇ ਹਨ। ਇਹ ਇੱਕ ਐਕਸ਼ਨ ਥ੍ਰਿਲਰ ਫਿਲਮ ਹੋਵੇਗੀ ਜਿਸ ਵਿੱਚ ਸਲਮਾਨ ਇੱਕ ਪੈਰਾ ਮਿਲਟਰੀ ਅਫਸਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ‘ਸ਼ੇਰਸ਼ਾਹ’ ਫੇਮ ਵਿਸ਼ਨੂੰਵਰਧਨ ਕਰਨਗੇ ਜਦਕਿ ਕਰਨ ਜੌਹਰ ਇਸ ਨੂੰ ਪ੍ਰੋਡਿਊਸ ਕਰਨਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
