ਨਵਾਂਸ਼ਹਿਰ, 11 ਨਵੰਬਰ (ਹਿ. ਸ.)। ਹਰ ਸਾਲ ਦੀ ਤਰਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਵਲੋਂ ਗੁਰੂ ਨਾਨਕ ਮਿਸ਼ਨ ਸੇਵਾ ਕੰਪਲੈਕਸ ਚੰਡੀਗੜ੍ਹ ਰੋਡ ਵਿਖੇ ਲਗਾਇਆ ਗਿਆ। ਕੈਂਪ ਦੀ ਅਰੰਭਤਾ ਸਮੇਂ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਗਈ। ਉਪਰੰਤ ਇਸ ਦਾ ਉਦਘਾਟਨ ਉਘੇ ਸਮਾਜ ਸੇਵੀ ਐਨ ਆਰ ਆਈ ਦੀਦਾਰ ਸਿੰਘ ਢੇਸੀ ਪਿੰਡ ਅਲੀਪੁਰ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਯੂ ਕੇ ਨਿਵਾਸੀ ਲਖਵੀਰ ਸਿੰਘ ਢੇਸੀ, ਬਲਵੀਰ ਸਿੰਘ ਢੇਸੀ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਰਘਵੀਰ ਕੌਰ ਢੇਸੀ ਅਤੇ ਹਰਜਿੰਦਰ ਕੌਰ ਢੇਸੀ ਵੀ ਉਨਾਂ ਨਾਲ ਮੌਜੂਦ ਸਨ। ਪਿੰਡ ਅਲੀਪੁਰ ਦੇ ਯੂ ਕੇ ਵਿਖੇ ਰਹਿ ਰਹੇ ਢੇਸੀ ਪਰਿਵਾਰ ਜਿਨਾਂ ਵਿਚ ਸੋਹਣ ਸਿੰਘ ਢੇਸੀ ਅਤੇ ਮੋਹਣ ਸਿੰਘ ਵੀ ਢੇਸੀ ਵੀ ਸ਼ਾਮਲ ਹਨ, ਵਲੋਂ ਹਰ ਸਾਲ ਅੱਖਾਂ ਦੇ ਸਮੁੱਚੇ ਕੈਂਪ ਦੀ ਸੇਵਾ ਲਈ ਜਾਂਦੀ ਹੈ।
ਕੈਂਪ ਦਾ ਉਦਘਾਟਨ ਕਰਨ ਉਪਰੰਤ ਦੀਦਾਰ ਸਿੰਘ ਢੇਸੀ ਨੇ ਕਿਹਾ ਕਿ ਲੋੜਵੰਦਾਂ ਲਈ ਅੱਖਾਂ ਦੇ ਮੁਫਤ ਕੈਂਪ ਲਗਾਉਣੇ ਸ਼ਾਇਦ ਮਾਨਵਤਾ ਦੇ ਭਲੇ ਲਈ ਸਭ ਤੋਂ ਉੱਤਮ ਸੇਵਾ ਹੈ ਜਿਸ ਨਾਲ ਕਿ ਉਨਾਂ ਲੋਕਾਂ ਨੂੰ ਨਵੇਂ ਸਿਰਿਉਂ ਅੱਖਾਂ ਦੀ ਰੋਸ਼ਨੀ ਪ੍ਰਾਪਤ ਹੁੰਦੀ ਹੈ ਜੋ ਕਿ ਅਪਰੇਸ਼ਨ ਦਾ ਖਰਚਾ ਕਰਨ ਤੋਂ ਅਸਮਰੱਥ ਹੁੰਦੇ ਹਨ। ਉਨਾ ਕਿਹਾ ਕਿ ਅਜਿਹੀਆਂ ਸੇਵਾਵਾਂ ਕਰਨ ਨਾਲ ਮਨ ਨੂੰ ਇਕ ਅਲੌਕਿਕ ਅਨੰਦ ਅਤੇ ਸਕੂਨ ਮਿਲਦਾ ਹੈ । ਇਸ ਮੌਕੇ ੳਨਾ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਗੁਰਮਤਿ ਅਤੇ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ ਅਤੇ ਅਜਿਹੀਆਂ ਸੰਸਥਾਵਾਂ ਨਾਲ ਜੁੜ ਕੇ ਉਹ ਮਾਣ ਮਹਿਸੂਸ ਕਰਦੇ ਹਨ। ਉਨਾ ਨੇ ਆਉਣ ਵਾਲੇ ਸਮੇਂ ਵਿਚ ਵੀ ਸੁਸਾਇਟੀਆਂ ਨੂੰ ਸਮਾਜ ਭਲਾਈ ਅਤੇ ਸੇਵਾ ਦੇ ਕੰਮਾਂ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਵੀ ਕਹੀ । ਇਸ ਮੌਕੇ ਸ: ਦੀਦਾਰ ਸਿੰਘ ਡੀ ਐੱਸ ਪੀ ਨੇ ਢੇਸੀ ਪਰਿਵਾਰ ਨੂੰ ਜੀ ਆਇਆਂ ਕਿਹਾ ਅਤੇ ਉਨਾ ਵਲੋਂ ਹਰ ਸਾਲ ਅੱਖਾਂ ਦੇ ਕੈਂਪ ਲਗਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਕਰਵਾਏ ਜਾਂਦੇ ਮਹਾਨ ਕੀਰਤਨ ਦਰਬਾਰ ਦੌਰਾਨ ਢੇਸੀ ਪਰਿਵਾਰ ਵਲੋਂ ਨਿਰੰਤਰ ਅੱਖਾਂ ਦੇ ਅਪਰੇਸ਼ਨ ਕੈਂਪ ਲਗਵਾਉਣ ਦੀ ਸੇਵਾ ਕਰਨਾ ਇਕ ਬਹੁਤ ਪ੍ਰਸੰਸਾ ਯੋਗ ਕਦਮ ਹੈ ਅਤੇ ਇਸ ਸੇਵਾ ਨਾਲ ਸੈਂਕੜੇ ਮਰੀਜ ਆਪਣੀਆਂ ਅੱਖਾਂ ਦੀ ਰੋਸ਼ਨੀ ਪ੍ਰਾਪਤ ਕਰ ਚੁੱਕੇ ਹਨ । ਉਨਾ ਨੇ ਢੇਸੀ ਪਰਿਵਾਰ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਪੁਰ ਜੋਰ ਸ਼ਲਾਘਾ ਕੀਤੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
