ਪੂਰਬੀ ਚੰਪਾਰਣ, 08 ਫਰਵਰੀ (ਹਿ.ਸ.)। ਨੇਪਾਲ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਦੇ ਰਕਸੌਲ ਸ਼ਹਿਰ ਵਿੱਚ ਚੀਤੇ ਦੀ ਖੱਲ, ਨਹੁੰ ਅਤੇ ਦੰਦਾਂ ਦੇ ਦੋ ਤਸਕਰਾਂ ਨੂੰ ਰਕਸੌਲ ਪੁਲਿਸ ਨੇ ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਕਸੌਲ ਦੇ ਡੀ. ਐੱਸ. ਪੀ. ਧੀਰੇਂਦਰ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸਿਸਵਾ ਨਹਿਰ ਨੇੜੇ ਕੁਝ ਵਿਅਕਤੀ ਚੀਤੇ ਦੀ ਖੱਲ ਲੈ ਕੇ ਮੌਜੂਦ ਹਨ। ਜਿਸ ਤੋਂ ਬਾਅਦ ਐੱਸ. ਪੀ. ਕਾਂਤੇਸ਼ ਕੁਮਾਰ ਮਿਸ਼ਰਾ ਦੇ ਨਿਰਦੇਸ਼ਾਂ ‘ਤੇ ਟੀਮ ਬਣਾ ਕੇ ਛਾਪੇਮਾਰੀ ਕੀਤੀ ਗਈ। ਜਿੱਥੇ ਸਿਸਵਾ ਕੈਨਾਲ ਰੋਡ ਤੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਗ੍ਰਿਫਤਾਰ ਕੀਤੇ ਗਏ ਦੋਵਾਂ ਦੀ ਪਹਿਚਾਣ ਨੇਪਾਲ ਦੇ ਰੋਤਹਟ ਜ਼ਿਲੇ ਦੇ ਮੌਲਾਪੁਰ ਵਾਸੀ ਮੁਕੇਸ਼ ਯਾਦਵ ਅਤੇ ਰਕਸੌਲ ਵਾਸੀ ਵਿੱਕੀ ਕੁਮਾਰ ਵਾਸੀ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਦੋਨਾਂ ਤੋਂ ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ ਅਤੇ ਸਥਾਨਕ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਦਾਜ਼ਾ ਹੈ ਕਿ ਦੋਵੇਂ ਮੁਲਜ਼ਮ ਨੇਪਾਲ ਤੋਂ ਚੀਤੇ ਦੀ ਖੱਲ ਲਿਆ ਕੇ ਕਿਸੇ ਹੋਰ ਨੂੰ ਸਪਲਾਈ ਕਰਨ ਜਾ ਰਹੇ ਸਨ। ਇਸ ਦੌਰਾਨ ਛਾਪਾ ਮਾਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਰਾਮਦ ਕੀਤੇ ਗਏ ਚੀਤੇ ਦੀ ਖੱਲ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 50 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।
ਛਾਪੇਮਾਰੀ ਟੀਮ ਵਿੱਚ ਡੀ. ਐੱਸ. ਪੀ. ਧੀਰੇਂਦਰ ਕੁਮਾਰ, ਇੰਸਪੈਕਟਰ ਰਾਜੀਵ ਨੰਦਨ ਸਿਨਹਾ, ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ ਦੇ ਅਧਿਕਾਰੀ ਨਰਾਇਣ ਰਾਮ ਸੇਵਕ ਸਮੇਤ ਹੋਰ ਸੁਰੱਖਿਆ ਬਲ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਭਾਰਤ-ਨੇਪਾਲ ਸਰਹੱਦ ‘ਤੇ ਜੰਗਲੀ ਜਾਨਵਰਾਂ ਦੇ ਅੰਗਾਂ ਦੀ ਤਸਕਰੀ ਕਰਨ ਵਾਲਾ ਇੱਕ ਵੱਡਾ ਗਿਰੋਹ ਸਰਗਰਮ ਹੈ। ਹਾਲ ਹੀ ਵਿੱਚ ਇਹ ਇਹ ਖੁਲਾਸਾ ਰਕਸੌਲ ‘ਚ ਹਰਬਲ ਦੀ ਦੁਕਾਨ ‘ਤੇ ਛਾਪੇਮਾਰੀ ਦੌਰਾਨ ਹੋਇਆ। ਇਨ੍ਹਾਂ ਸਮੱਗਲਰਾਂ ਦੇ ਫੜੇ ਜਾਣ ਨਾਲ ਪੁਲਿਸ ਇਨ੍ਹਾਂ ਦੇ ਗਿਰੋਹ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਵੇਗੀ।
