ਨਵੀਂ ਦਿੱਲੀ, 07 ਫਰਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਖਵੇਂਕਰਨ ਦਾ ਵਿਰੋਧ ਕਾਂਗਰਸ ਦੇ ਡੀਐੱਨਏ ਵਿੱਚ ਹੈ। ਜੇਕਰ ਅਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਨਾ ਹੁੰਦੇ ਤਾਂ ਸ਼ਾਇਦ ਰਿਜ਼ਰਵੇਸ਼ਨ ਸਿਸਟਮ ਨਾ ਹੁੰਦਾ।
ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਪ੍ਰਧਾਨ ਮੰਤਰੀ ਹੁੰਦਿਆਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ ਸੀ। ਉਸ ਪੱਤਰ ਵਿੱਚ ਉਨ੍ਹਾਂ ਨੇ ਰਾਖਵੇਂਕਰਨ ਦਾ ਵਿਰੋਧ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਡਿਤ ਨਹਿਰੂ ਨੇ ਉਸ ਪੱਤਰ ‘ਚ ਲਿਖਿਆ ਸੀ ਕਿ ਜੇਕਰ ਐੱਸ.ਸੀ.-ਐੱਸ.ਟੀ.ਐੱਸ., ਓ.ਬੀ.ਸੀ. ਨੂੰ ਨੌਕਰੀਆਂ ‘ਚ ਰਾਖਵਾਂਕਰਨ ਮਿਲਦਾ ਹੈ ਤਾਂ ਸਰਕਾਰੀ ਕੰਮਕਾਜ ਦਾ ਪੱਧਰ ਡਿੱਗ ਜਾਵੇਗਾ। ਉਹ ਨਹੀਂ ਚਾਹੁੰਦੇ ਹਨ ਕਿ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਵਿਵਸਥਾ ਹੋਵੇ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਸ਼ੁਰੂ ਤੋਂ ਹੀ ਰਾਖਵਾਂਕਰਨ ਵਿਰੋਧੀ ਰਹੀ ਹੈ। ਅੱਜ ਉਹ ਜਿਹੜੇ ਅੰਕੜੇ ਗਿਣਾਉਂਦੇ ਹਨ, ਉਸਦਾ ਮੂਲ ਇਹੀ ਹੈ। ਜੇਕਰ ਉਸ ਸਮੇਂ ਸਰਕਾਰ ’ਚ ਭਰਤੀ ਹੋਈ ਹੁੰਦੀ ਤਾਂ ਉਹ ਤਰੱਕੀ ਤੋਂ ਬਾਅਦ ਅੱਗੇ ਵੱਧਦੇ ਅਤੇ ਅੱਜ ਇੱਥੇ ਪਹੁੰਚਦੇ।
