ਨਵੀਂ ਦਿੱਲੀ, 13 ਫਰਵਰੀ: ਘਰੇਲੂ ਸ਼ੇਅਰ ਬਾਜ਼ਾਰ ’ਚ ਅੱਜ ਮਜ਼ਬੂਤੀ ਦਿਖਾਈ ਦੇ ਰਹੀ ਹੈ। ਅੱਜ ਦਾ ਕਾਰੋਬਾਰ ਵੀ ਮਜ਼ਬੂਤੀ ਨਾਲ ਸ਼ੁਰੂ ਹੋਇਆ। ਹਾਲਾਂਕਿ ਬਾਜ਼ਾਰ ਖੁੱਲ੍ਹਣ ਦੇ ਤੁਰੰਤ ਬਾਅਦ ਵਿਕਰੀ ਦੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਲਾਲ ਨਿਸ਼ਾਨ ’ਚ ਆ ਗਏ। ਪਰ ਇਸ ਤੋਂ ਬਾਅਦ ਖਰੀਦਦਾਰਾਂ ਨੇ ਮੋਰਚਾ ਸੰਭਾਲ ਲਿਆ, ਜਿਸ ਕਾਰਨ ਦੋਵੇਂ ਸੂਚਕਾਂਕ ਰਿਕਵਰੀ ਕਰਕੇ ਦੁਬਾਰਾ ਹਰੇ ਨਿਸ਼ਾਨ ’ਚ ਕਾਰੋਬਾਰ ਕਰਨ ਲੱਗੇ। ਕਾਰੋਬਾਰ ਦੌਰਾਨ 10:50 ਵਜੇ ਤੱਕ ਸੈਂਸੈਕਸ 388.40 ਅੰਕ ਭਾਵ 0.55 ਫੀਸਦੀ ਦੀ ਮਜ਼ਬੂਤੀ ਨਾਲ 71,460.89 ਅੰਕ ਦੇ ਪੱਧਰ ’ਤੇ ਅਤੇ ਨਿਫਟੀ 98.60 ਅੰਕ ਭਾਵ 0.46 ਫੀਸਦੀ ਦੀ ਮਜ਼ਬੂਤੀ ਨਾਲ 21,714.65 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਬੀਐੱਸਈ ਸੈਂਸੈਕਸ ਅੱਜ 219.59 ਅੰਕਾਂ ਦੀ ਮਜ਼ਬੂਤੀ ਨਾਲ 71,292.08 ਅੰਕਾਂ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਲਾਲ ਰੰਗ ‘ਚ ਡਿੱਗ ਗਿਆ ਅਤੇ ਕੁਝ ਹੀ ਸਮੇਂ ‘ਚ 70,924.30 ਅੰਕ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਖਰੀਦਦਾਰਾਂ ਨੇ ਚਾਰੇ ਪਾਸੇ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਸ ਸੂਚਕਾਂਕ ਨੇ ਤੇਜ਼ੀ ਫੜ ਲਈ। ਸੈਂਸੈਕਸ ਦੀ ਤਰ੍ਹਾਂ ਅੱਜ ਐੱਨਐੱਸਈ ਨਿਫਟੀ ਨੇ ਵੀ 48.25 ਅੰਕਾਂ ਦੀ ਮਜ਼ਬੂਤੀ ਨਾਲ 21,664.30 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਤਾਂ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ ਵੀ 21,543.35 ਅੰਕਾਂ ਤੱਕ ਡਿੱਗ ਗਿਆ, ਪਰ ਇਸ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਨਾਲ ਨਿਫਟੀ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਲਗਾਤਾਰ ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ ਵਾਪਸ ਹਰੇ ਨਿਸ਼ਾਨ ‘ਤੇ ਪਹੁੰਚ ਗਿਆ।
ਕਾਰੋਬਾਰ ਦੇ ਪਹਿਲੇ ਇਕ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਆਈਸੀਆਈਸੀਆਈ ਬੈਂਕ, ਹੀਰੋ ਮੋਟੋਕਾਰਪ, ਕੋਲ ਇੰਡੀਆ, ਯੂਪੀਐੱਲ ਅਤੇ ਐੱਚਡੀਐੱਫਸੀ ਲਾਈਫ ਦੇ ਸ਼ੇਅਰ 2.20 ਫੀਸਦੀ ਤੋਂ ਲੈ ਕੇ 1.87 ਫੀਸਦੀ ਮਜ਼ਬੂਤੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਹਿੰਡਾਲਕੋ ਇੰਡਸਟ੍ਰੀਜ਼, ਪਾਵਰ ਗਰਿੱਡ ਕਾਰਪੋਰੇਸ਼ਨ, ਗ੍ਰਾਸਿਮ ਇੰਡਸਟ੍ਰੀਜ਼, ਅਡਾਨੀ ਐਂਟਰਪ੍ਰਾਈਜ਼ ਅਤੇ ਵਿਪਰੋ ਦੇ ਸ਼ੇਅਰ 13.19 ਫੀਸਦੀ ਤੋਂ ਲੈ ਕੇ 1.09 ਫੀਸਦੀ ਤੱਕ ਡਿੱਗ ਕੇ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 21 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਰੰਗ ‘ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 9 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 36 ਸ਼ੇਅਰ ਹਰੇ ਨਿਸ਼ਾਨ ’ਚ ਅਤੇ 14 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ 523 ਅੰਕ ਜਾਂ 0.73 ਫੀਸਦੀ ਦੀ ਕਮਜ਼ੋਰੀ ਨਾਲ 71,072.49 ਅੰਕਾਂ ਦੇ ਪੱਧਰ ’ਤੇ ਅਤੇ ਨਿਫਟੀ 166.45 ਅੰਕ ਜਾਂ 0.76 ਫੀਸਦੀ ਦੀ ਗਿਰਾਵਟ ਨਾਲ 21,616.05 ਅੰਕ ਦੇ ਪੱਧਰ ‘ਤੇ ਬੰਦ ਹੋਇਆ ਸੀ।
