ਅਬੂ ਧਾਬੀ/ਦੁਬਈ, 13 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਲੋਕਾਂ ‘ਚ ਜ਼ਬਰਦਸਤ ਕ੍ਰੇਜ਼ ਹੈ। ਉੱਥੇ ਹੀ ਉੱਥੇ ਵੱਸਣ ਵਾਲੇ ਭਾਰਤੀ ਲੋਕਾਂ ਵਿੱਚ ਕ੍ਰੇਜ਼ ਵੱਧਦਾ ਜਾ ਰਿਹਾ ਹੈ। ਇਹ ਗੱਲ ਯੂਏਈ ਵਿੱਚ ਹੋਣ ਵਾਲੇ ਅਹਿਲਾਨ ਮੋਦੀ ਦੇ ਪ੍ਰੋਗਰਾਮ ਲਈ ਹੋਈਆਂ ਰਜਿਸਟ੍ਰੇਸ਼ਨਾਂ ਤੋਂ ਸਾਫ਼ ਨਜ਼ਰ ਆ ਰਹੀ ਹੈ। ਇਸ ਪ੍ਰੋਗਰਾਮ ਲਈ 65 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ ਵਿੱਚ ਮੰਗਲਵਾਰ ਨੂੰ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁ-ਉਡੀਕ ਵਾਲੇ ਪ੍ਰੋਗਰਾਮ ‘ਅਹਿਲਾਨ ਮੋਦੀ’ (ਅਰਬੀ ਵਿੱਚ ਹੈਲੋ ਮੋਦੀ) ਨੂੰ ਛੋਟਾ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ‘ਚ ਲੱਗੇ ਇਕ ਅਧਿਕਾਰੀ ਨੇ ਦੱਸਿਆ ਕਿ ਯੂਏਈ ‘ਚ ਖਰਾਬ ਮੌਸਮ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਦਰਅਸਲ, ਸੰਯੁਕਤ ਅਰਬ ਅਮੀਰਾਤ ਵਿੱਚ ਰਾਤ ਭਰ ਬਿਜਲੀ ਚਮਕਣ ਦੇ ਨਾਲ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਜਾਮ ਅਤੇ ਪਾਣੀ ਭਰ ਗਿਆ ਹੈ। ਕਮਿਊਨਿਟੀ ਨੇਤਾ ਸਜੀਵ ਪੁਰਸ਼ੋਤਮ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਅਬੂ ਧਾਬੀ ਦੇ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਵਾਸੀ ਸਮਾਗਮਾਂ ਵਿੱਚੋਂ ਇੱਕ ਦੀਆਂ ਤਿਆਰੀਆਂ ਚੰਗੀ ਤਰ੍ਹਾਂ ਚੱਲ ਰਹੀਆਂ ਸਨ, ਪਰ ਮੌਸਮ ਦੇ ਕਾਰਨ ਭਾਗੀਦਾਰੀ 80,000 ਤੋਂ ਘਟਾ ਕੇ 35,000 ਕਰ ਦਿੱਤੀ ਗਈ ਹੈ।
ਹਾਲਾਂਕਿ, ਪਹਿਲਾਂ ਇਹ ਦੱਸਿਆ ਗਿਆ ਸੀ ਕਿ 60,000 ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਹੀ ਵੈਬਸਾਈਟ ਰਾਹੀਂ ਰਜਿਸਟਰ ਕੀਤਾ ਸੀ। ਇਸ ਵਿੱਚ ਸਿਰਫ਼ ਭਾਰਤੀ ਮੂਲ ਦੇ ਲੋਕ ਹੀ ਸ਼ਾਮਲ ਹੋਣਗੇ। ਪੁਰਸ਼ੋਤਮਨ ਅਨੁਸਾਰ ਅਹਿਲਾਨ ਮੋਦੀ ੦ਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 1000 ਤੋਂ ਵੱਧ ਵਾਲੰਟੀਅਰਾਂ ਨਾਲ 500 ਤੋਂ ਵੱਧ ਬੱਸਾਂ ਸਮਾਗਮ ਵਾਲੀ ਥਾਂ ‘ਤੇ ਚੱਲਣਗੀਆਂ। ਇਸ ਦੇ ਨਾਲ ਹੀ ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਦੇ ਇੱਕ ਸੂਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸੰਬੋਧਿਤ ਕੀਤੇ ਜਾਣ ਵਾਲੇ ਜਨਤਕ ਪ੍ਰੋਗਰਾਮ ਵਿੱਚ 45,000 ਲੋਕ ਸ਼ਾਮਲ ਹੋਣਗੇ। ਯੂਏਈ ਵਿੱਚ ਕਰੀਬ 35 ਲੱਖ ਭਾਰਤੀ ਰਹਿੰਦੇ ਹਨ। ਇਸ ਦੇ ਨਾਲ ਹੀ ਖਾੜੀ ਦੇਸ਼ ਯੂਏਈ ਵਿੱਚ ਸੋਮਵਾਰ ਸਵੇਰ ਤੋਂ ਹੀ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਯੂਏਈ ਦੀ ਆਪਣੀ ਯਾਤਰਾ ਦੌਰਾਨ, ਪੀਐਮ ਮੋਦੀ 13 ਫਰਵਰੀ ਨੂੰ ਅਹਿਲਾਨ ਮੋਦੀ ਪ੍ਰੋਗਰਾਮ ਵਿੱਚ ਭਾਰਤੀ ਪ੍ਰਵਾਸੀ ਨੂੰ ਸੰਬੋਧਨ ਕਰਨਗੇ। ਇੰਡੀਅਨ ਪੀਪਲ ਫੋਰਮ ਦੇ ਪ੍ਰਧਾਨ ਅਤੇ ਅਹਿਲਾਨ ਮੋਦੀ ਇਨੀਸ਼ੀਏਟਿਵ ਦੇ ਆਗੂ ਜਤਿੰਦਰ ਵੈਦਿਆ ਨੇ ਇਸ ਸਮਾਗਮ ਦੀ ਵਿਲੱਖਣ ਪ੍ਰਕਿਰਤੀ ਬਾਰੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਲੱਖਣ ਕਿਸਮ ਦਾ ਸਮਾਗਮ ਹੈ ਕਿਉਂਕਿ ਇਸ ਦਾ ਆਯੋਜਨ ਕਰਨ ਵਾਲੀ ਕੋਈ ਵੀ ਸੰਸਥਾ ਨਹੀਂ ਹੈ। ਪੂਰਾ ਭਾਈਚਾਰਾ ਇਸ ਦਾ ਪ੍ਰਬੰਧ ਕਰ ਰਿਹਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਪੀਐਮ ਮੋਦੀ ਦਾ ਨਾਮ ਆਉਂਦਾ ਹੈ ਤਾਂ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਜਾਂਦੇ ਹਨ। ਇਹ ਪੀਐਮ ਮੋਦੀ ਲਈ ਲੋਕਾਂ ਦਾ ਪਿਆਰ ਹੈ।
ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ ਕਿਹਾ ਕਿ ਜਿਵੇਂ ਹੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 65,000 ਤੱਕ ਪਹੁੰਚ ਗਈ, ਰਜਿਸਟ੍ਰੇਸ਼ਨ ਬੰਦ ਕਰਨੀ ਪਈ ਕਿਉਂਕਿ ਉਹ ਜ਼ਿਆਦਾ ਲੋਕਾਂ ਨੂੰ ਸ਼ਾਮਲ ਨਹੀਂ ਕਰ ਸਕਦੇ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਆਪਣੀ ਯਾਤਰਾ ਦੌਰਾਨ ਯੂਏਈ ਅਤੇ ਕਤਰ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਭਾਰਤ ਦੇ ਡੂੰਘੇ ਸਬੰਧਾਂ ਨੂੰ ਮਜ਼ਬੂਤ ਕਰਨਗੇ। ਯੂਏਈ ਵਿੱਚ ਪਹਿਲਾ ਹਿੰਦੂ ਮੰਦਰ ਤਿਆਰ ਹੈ। ਇਸ ਮੰਦਰ ਦਾ ਉਦਘਾਟਨ ਪ੍ਰਧਾਨ ਮੰਤਰੀ 14 ਫਰਵਰੀ ਨੂੰ ਕਰਨਗੇ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਕਿਹਾ ਕਿ ਮੰਦਰ ਦਾ ਉਦਘਾਟਨ ਪ੍ਰਧਾਨ ਮੰਤਰੀ ਦੇ ਯੂਏਈ ਦੌਰੇ ਦਾ ਅਹਿਮ ਹਿੱਸਾ ਹੈ। ਉਸ ਦਿਨ ਲਗਭਗ 2000-5000 ਸ਼ਰਧਾਲੂਆਂ ਦੇ ਮੰਦਰ ਆਉਣ ਦੀ ਉਮੀਦ ਹੈ।
2015 ਤੋਂ ਬਾਅਦ ਪੀਐਮ ਮੋਦੀ ਦੀ ਯੂਏਈ ਦੀ ਇਹ ਸੱਤਵੀਂ ਯਾਤਰਾ ਹੋਵੇਗੀ। ਦੌਰੇ ਦੌਰਾਨ, ਪੀਐਮ ਮੋਦੀ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਦੁਵੱਲੀ ਮੀਟਿੰਗ ਕਰਨਗੇ। ਦੋਵੇਂ ਨੇਤਾ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਦੁਬਈ ਵਿੱਚ ਹੋਣ ਵਾਲੇ ਵਿਸ਼ਵ ਸਰਕਾਰ ਸੰਮੇਲਨ 2024 ਵਿੱਚ ਮਹਿਮਾਨ ਦੇ ਤੌਰ ‘ਤੇ ਵੀ ਸ਼ਿਰਕਤ ਕਰਨਗੇ ਅਤੇ ਇੱਕ ਵਿਸ਼ੇਸ਼ ਭਾਸ਼ਣ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ 14 ਫਰਵਰੀ ਨੂੰ ਕਤਰ ਦੀ ਦੂਜੀ ਫੇਰੀ ਦੋਵਾਂ ਦੇਸ਼ਾਂ ਦੀ ਸਿਖਰਲੀ ਲੀਡਰਸ਼ਿਪ ਨੂੰ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਨ ਦੇ ਨਾਲ-ਨਾਲ ਆਪਸੀ ਮਹੱਤਵ ਦੇ ਵੱਖ-ਵੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
