ਜਨੇਵਾ, 13 ਫਰਵਰੀ : ਬੈਲਜੀਅਮ, ਬ੍ਰਾਜ਼ੀਲ, ਚੀਨ ਅਤੇ ਹੰਗਰੀ ਵਿੱਚ ਚਾਰ ਫੀਬਾ ਮਹਿਲਾ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟਾਂ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਓਲੰਪਿਕ ਬਾਸਕਟਬਾਲ ਟੂਰਨਾਮੈਂਟ ਪੈਰਿਸ 2024 ਲਈ 12 ਟੀਮਾਂ ਦੀ ਪੁਸ਼ਟੀ ਹੋ ਗਈ ਹੈ। ਬਾਸਕਟਬਾਲ ਦੀ ਵਿਸ਼ਵ ਸੰਚਾਲਨ ਸੰਸਥਾ ਫੀਬਾ ਨੇ ਸੋਮਵਾਰ ਰਾਤ ਨੂੰ ਉਪਰੋਕਤ ਜਾਣਕਾਰੀ ਦਿੱਤੀ।
12 ਟੀਮਾਂ ਵਿੱਚ ਮੌਜੂਦਾ ਚੈਂਪੀਅਨ ਅਮਰੀਕਾ, ਆਸਟ੍ਰੇਲੀਆ, ਬੈਲਜੀਅਮ, ਚੀਨ, ਕੈਨੇਡਾ, ਜਰਮਨੀ, ਜਾਪਾਨ, ਸਰਬੀਆ, ਸਪੇਨ, ਨਾਈਜੀਰੀਆ, ਪੋਰਟੋ ਰੀਕੋ ਅਤੇ ਮੇਜ਼ਬਾਨ ਦੇਸ਼ ਫਰਾਂਸ ਸ਼ਾਮਲ ਹਨ। ਜਰਮਨੀ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਇੱਕੋ ਇੱਕ ਟੀਮ ਹੈ। ਕੈਨੇਡਾ, ਜਰਮਨੀ, ਜਾਪਾਨ, ਸਰਬੀਆ ਅਤੇ ਸਪੇਨ ਨੇ ਐਤਵਾਰ ਨੂੰ ਓਲੰਪਿਕ ਖੇਡਾਂ ਲਈ ਆਪਣੀ ਥਾਂ ਪੱਕੀ ਕਰ ਲਈ, ਜਦਕਿ ਆਸਟ੍ਰੇਲੀਆ, ਬੈਲਜੀਅਮ, ਚੀਨ, ਨਾਈਜੀਰੀਆ ਅਤੇ ਪੋਰਟੋ ਰੀਕੋ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੁਆਲੀਫਾਈ ਕੀਤਾ। ਸੰਯੁਕਤ ਰਾਜ ਅਮਰੀਕਾ ਅਤੇ ਫਰਾਂਸ ਨੇ ਆਪਣੇ ਆਪ ਕੁਆਲੀਫਾਈ ਕਰ ਲਿਆ ਸੀ। ਪੈਰਿਸ 2024 ਵਿੱਚ ਮਹਿਲਾ ਬਾਸਕਟਬਾਲ ਮੁਕਾਬਲਾ 29 ਜੁਲਾਈ ਤੋਂ 11 ਅਗਸਤ ਤੱਕ ਹੋਵੇਗਾ।
2024 ਮਹਿਲਾ ਓਲੰਪਿਕ ਬਾਸਕਟਬਾਲ ਟੂਰਨਾਮੈਂਟ ਟੀਮਾਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ :
ਆਸਟ੍ਰੇਲੀਆ, ਬੈਲਜੀਅਮ, ਕੈਨੇਡਾ, ਚੀਨ, ਫਰਾਂਸ, ਜਰਮਨੀ, ਜਾਪਾਨ, ਨਾਈਜੀਰੀਆ, ਪੋਰਟੋ ਰੀਕੋ, ਸਰਬੀਆ, ਸਪੇਨ, ਯੂ.ਐੱਸ.ਏ.।
