ਵੈਲੇਂਸੀਆ, 14 ਦਸੰਬਰ (ਹਿ. ਸ.)। ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ 15 ਤੋਂ 22 ਦਸੰਬਰ ਤੱਕ 5 ਦੇਸ਼ਾਂ ਦੇ ਟੂਰਨਾਮੈਂਟ ਵੈਲੇਂਸੀਆ 2023 ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ। ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਹੋਰ ਟੀਮਾਂ ਸਪੇਨ, ਬੈਲਜੀਅਮ, ਜਰਮਨੀ, ਆਇਰਲੈਂਡ ਅਤੇ ਫਰਾਂਸ ਹਨ। ਭਾਰਤੀ ਮਹਿਲਾ ਹਾਕੀ ਟੀਮ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ 15 ਦਸੰਬਰ ਨੂੰ ਮੇਜ਼ਬਾਨ ਸਪੇਨ ਨਾਲ ਭਿੜੇਗੀ, 16 ਦਸੰਬਰ ਨੂੰ ਬੈਲਜੀਅਮ, 19 ਦਸੰਬਰ ਨੂੰ ਜਰਮਨੀ ਅਤੇ ਆਖਰੀ ਮੈਚ ’ਚ 21 ਦਸੰਬਰ ਨੂੰ ਆਇਰਲੈਂਡ ਨਾਲ ਭਿੜੇਗੀ।
ਸਪੇਨ ਦੇ ਖਿਲਾਫ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਨੇ ਕਿਹਾ, “ਸਾਨੂੰ ਵੈਲੇਂਸੀਆ ਪਹੁੰਚੇ ਤਿੰਨ ਦਿਨ ਹੋ ਗਏ ਹਨ, ਸਾਡੀ ਅਨੁਕੂਲਤਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਸੀਂ ਹੁਣ ਸਪੇਨ ਦੇ ਖਿਲਾਫ ਟੂਰਨਾਮੈਂਟ ਸ਼ੁਰੂ ਕਰਨ ਲਈ ਤਿਆਰ ਹਾਂ। ਸਾਡਾ ਸਾਹਮਣਾ ਦੁਨੀਆ ਦੀਆਂ ਕੁਝ ਸਰਵੋਤਮ ਰੈਂਕਿੰਗ ਵਾਲੀਆਂ ਟੀਮਾਂ ਨਾਲ ਹੋਵੇਗਾ। ਅਸੀਂ ਆਗਾਮੀ ਐੱਫਆਈਐੱਚ ਹਾਕੀ ਓਲੰਪਿਕ ਕੁਆਲੀਫਾਇਰ ਰਾਂਚੀ 2024 ਦੀ ਤਿਆਰੀ ਵਿੱਚ ਆਪਣੀਆਂ ਕਮਜ਼ੋਰੀਆਂ ‘ਤੇ ਕੰਮ ਕਰਨ ਲਈ ਇਸ ਮੌਕੇ ਦੀ ਵਰਤੋਂ ਕਰਾਂਗੇ। ਅਸੀਂ ਹਰ ਮੈਚ ‘ਚ ਦਿਲੋਂ ਖੇਡਾਂਗੇ ਕਿਉਂਕਿ ਇਹ ਸਾਡੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਸਹੀ ਪਲੇਟਫਾਰਮ ਹੈ।”
ਇਸੇ ਤਰ੍ਹਾਂ ਭਾਰਤੀ ਪੁਰਸ਼ ਹਾਕੀ ਟੀਮ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 15 ਦਸੰਬਰ ਨੂੰ ਮੇਜ਼ਬਾਨ ਸਪੇਨ ਖਿਲਾਫ ਕਰੇਗੀ, ਇਸ ਤੋਂ ਬਾਅਦ 16 ਦਸੰਬਰ ਨੂੰ ਬੈਲਜੀਅਮ, 19 ਦਸੰਬਰ ਨੂੰ ਜਰਮਨੀ ਅਤੇ 20 ਦਸੰਬਰ ਨੂੰ ਫਰਾਂਸ ਨਾਲ ਮੁਕਾਬਲਾ ਕਰੇਗੀ।
ਭਾਰਤੀ ਪੁਰਸ਼ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਵੀ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਆਸਵੰਦ ਹੈ। ਉਨ੍ਹਾਂ ਨੇ ਕਿਹਾ “ਕੁਝ ਚੋਟੀ ਦੀਆਂ ਹਾਕੀ ਟੀਮਾਂ ਵੈਲੈਂਸੀਆ ਆਈਆਂ ਹਨ, ਉਹ ਸਾਰੀਆਂ ਆਪਣੀ ਖੇਡ ਨੂੰ ਬਿਹਤਰ ਬਣਾਉਣ ਲਈ ਇਸ ਵਿੰਡੋ ਦੀ ਵਰਤੋਂ ਕਰਨ ਦੀ ਕੋਸ਼ਿਸ਼ ’ਚ ਹਨ ਅਤੇ ਅਸੀਂ ਇਸ ਤੋਂ ਵੱਖ ਨਹੀਂ ਹਾਂ। ਅਸੀਂ ਹਰ ਮੈਚ ਨੂੰ ਮਹੱਤਵਪੂਰਨ ਮੈਚ ਮੰਨਾਂਗੇ ਅਤੇ ਟੂਰਨਾਮੈਂਟ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਟੀਮ ਦੁਬਾਰਾ ਹਾਕੀ ਖੇਡਣ ਅਤੇ ਦੇਸ਼ ਦਾ ਮਾਣ ਵਧਾਉਣ ਲਈ ਉਤਸ਼ਾਹਿਤ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
