ਗੰਗਟੋਕ, 14 ਦਸੰਬਰ (ਹਿ.ਸ.)। ਤਿੱਬਤੀ ਧਰਮ ਗੁਰੂ ਦਲਾਈ ਲਾਮਾ ਆਪਣੀ ਤਿੰਨ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਵੀਰਵਾਰ ਨੂੰ ਸਿੱਕਮ ਤੋਂ ਪੱਛਮੀ ਬੰਗਾਲ ਦੇ ਸਾਲੁਗੜਾ ਲਈ ਰਵਾਨਾ ਹੋ ਗਏ। ਉਹ ਰਾਜਧਾਨੀ ਗੰਗਟੋਕ ਨੇੜੇ ਲੀਬਿੰਗ ਸਥਿਤ ਆਰਮੀ ਹੈਲੀਪੈਡ ਤੋਂ ਹੈਲੀਕਾਪਟਰ ਰਾਹੀਂ ਸਾਲੁਗੜਾ ਲਈ ਰਵਾਨਾ ਹੋਏ। ਇਸ ਮੌਕੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ, ਮੁੱਖ ਮੰਤਰੀ ਦੀ ਪਤਨੀ ਕ੍ਰਿਸ਼ਨਾ ਰਾਈ, ਵਿਧਾਨ ਸਭਾ ਸਪੀਕਰ ਅਰੁਣ ਉਪਰੇਤੀ, ਮੁੱਖ ਸਕੱਤਰ ਵੀਬੀ ਪਾਠਕ, ਡੀਜੀਪੀ ਏਕੇ ਸਿੰਘ ਅਤੇ ਸਿੱਕਮ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਦਲਾਈਲਾਮਾ 11 ਦਸੰਬਰ ਨੂੰ ਸਿੱਕਮ ਆਏ ਸਨ। ਉਨ੍ਹਾਂ ਨੇ 12 ਦਸੰਬਰ ਨੂੰ ਰਾਜਧਾਨੀ ਗੰਗਟੋਕ ਦੇ ਪਾਲਜੋਰ ਸਟੇਡੀਅਮ ਵਿੱਚ ਆਯੋਜਿਤ ਬੋਧੀਸਤਵ ਦੇ 37 ਅਭਿਆਸਾਂ ਦੇ ਵਿਸ਼ੇ ‘ਤੇ ਇੱਕ ਧਾਰਮਿਕ ਉਪਦੇਸ਼ ਦਿੱਤਾ। ਇਸ ਪ੍ਰੋਗਰਾਮ ਵਿੱਚ ਸਿੱਕਮ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ 13 ਦਸੰਬਰ ਨੂੰ ਉਨ੍ਹਾਂ ਰਾਜ ਸਰਕਾਰ ਵੱਲੋਂ ਸਨਮਾਨ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਦਲਾਈਲਾਮਾ ਅੱਜ ਸਵੇਰੇ ਰਾਜਧਾਨੀ ਗੰਗਟੋਕ ਤੋਂ ਪੱਛਮੀ ਬੰਗਾਲ ਦੇ ਸਾਲੁਗੜਾ ਲਈ ਰਵਾਨਾ ਹੋਏ। ਸਾਲੁਗੜਾ ’ਚ ਉਨ੍ਹਾਂ ਦਾ ਧਾਰਮਿਕ ਉਪਦੇਸ਼ ਪ੍ਰੋਗਰਾਮ ਤੈਅ ਹੈ। ਦਲਾਈਲਾਮਾ ਨੇ ਆਖਰੀ ਵਾਰ 2013 ਵਿੱਚ ਸਿੱਕਮ ਦਾ ਦੌਰਾ ਕੀਤਾ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
