ਧਰਮਸ਼ਾਲਾ, 23 ਅਕਤੂਬਰ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੱਤਾ। ਇਕ ਸਮੇਂ ਡੇਰਿਲ ਮਿਸ਼ੇਲ ਅਤੇ ਰਚਿਨ ਰਵਿੰਦਰਾ ਵਿਚਾਲੇ 159 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਨਿਊਜ਼ੀਲੈਂਡ ਦੀ ਟੀਮ ਵੱਡੇ ਸਕੋਰ ਵੱਲ ਵਧ ਰਹੀ ਸੀ ਪਰ ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕੀਵੀ ਟੀਮ ਨੂੰ 273 ਦੌੜਾਂ ‘ਤੇ ਹੀ ਰੋਕ ਦਿੱਤਾ। ਖਾਸ ਤੌਰ ‘ਤੇ ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 5 ਵਿਕਟਾਂ ਲਈਆਂ।
34ਵੇਂ ਓਵਰ ‘ਚ ਨਿਊਜ਼ੀਲੈਂਡ ਦਾ ਸਕੋਰ 2 ਵਿਕਟਾਂ ‘ਤੇ 178 ਦੌੜਾਂ ਸੀ ਜਦੋਂ ਮੁਹੰਮਦ ਸ਼ਮੀ ਨੇ ਰਵਿੰਦਰਾ ਨੂੰ ਲਾਂਗ ਆਨ ‘ਤੇ ਕੈਚ ਕਰਵਾ ਦਿੱਤਾ। ਉਥੋਂ, ਭਾਰਤੀ ਗੇਂਦਬਾਜ ਨਿਯਮਤ ਅੰਤਰਾਲ ‘ਤੇ ਵਿਕਟਾਂ ਲੈਂਦੇ ਰਹੇ ਅਤੇ ਨਿਊਜ਼ੀਲੈਂਡ ਨੂੰ 273 ਦੌੜਾਂ ‘ਤੇ ਰੋਕ ਦਿੱਤਾ। ਅੰਤ ਵਿੱਚ ਭਾਰਤ ਨੇ 4 ਵਿਕਟਾਂ ਅਤੇ 12 ਗੇਂਦਾਂ ਬਾਕੀ ਰਹਿੰਦਿਆਂ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ, ਇਹ ਭਾਰਤ ਦੀ ਲਗਾਤਾਰ ਪੰਜਵੀਂ ਜਿੱਤ ਹੈ।
ਰੋਹਿਤ ਨੇ ਮੈਚ ਤੋਂ ਬਾਅਦ ਕਿਹਾ, ਜਿਸ ਤਰ੍ਹਾਂ ਮਿਸ਼ੇਲ ਅਤੇ ਰਚਿਨ ਰਵਿੰਦਰਾ ਬੱਲੇਬਾਜ਼ੀ ਕਰ ਰਹੇ ਸਨ, ਅਸੀਂ 300 ਤੋਂ ਵੱਧ ਦੇ ਸਕੋਰ ਨੂੰ ਦੇਖ ਰਹੇ ਸੀ। ਨਿਊਜ਼ੀਲੈਂਡ ਨੇ ਉੱਥੇ ਵੱਡੀ ਸਾਂਝੇਦਾਰੀ ਕੀਤੀ। ਹਾਲਾਂਕਿ ਵਿਕਟ ‘ਤੇ ਬੱਲੇਬਾਜ਼ੀ ਕਰਨਾ ਆਸਾਨ ਸੀ, ਪਰ ਤ੍ਰੇਲ ਵੀ ਆ ਰਹੀ ਸੀ।
ਰੋਹਿਤ ਨੇ ਕਿਹਾ, ਪਰ ਮੈਨੂੰ ਗੇਂਦਬਾਜ਼ਾਂ ਨੂੰ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੰਭਾਲਣ ਅਤੇ ਸਾਨੂੰ ਮੈਚ ਵਿੱਚ ਵਾਪਸ ਲਿਆਉਣ ਦਾ ਸਿਹਰਾ ਦੇਣਾ ਹੋਵੇਗਾ। ਕੀਵੀਜ਼ ਨੂੰ 270 ਦੇ ਆਸ-ਪਾਸ ਸੀਮਤ ਕਰਨ ਦੀ ਇਹ ਵਧੀਆ ਕੋਸ਼ਿਸ਼ ਸੀ।
274 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਨੇ 40 ਗੇਂਦਾਂ ‘ਚ 46 ਦੌੜਾਂ ਦੀ ਪਾਰੀ ਖੇਡੀ, ਇਸ ਤੋਂ ਬਾਅਦ ਵਿਰਾਟ ਕੋਹਲੀ ਨੇ 95 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ। ਕੋਹਲੀ ਅਤੇ ਜਡੇਜਾ ਨੇ ਛੇਵੀਂ ਵਿਕਟ ਲਈ 78 ਦੌੜਾਂ ਜੋੜ ਕੇ ਜਿੱਤ ਦਰਜ ਕੀਤੀ।
ਨਿਊਜ਼ੀਲੈਂਡ ਖਿਲਾਫ ਚਾਰ ਵਿਕਟਾਂ ਦੀ ਜਿੱਤ ਦੇ ਨਾਲ ਹੀ ਭਾਰਤ ਪੰਜ ਮੈਚਾਂ ਵਿੱਚ ਪੰਜ ਜਿੱਤਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਿਆ ਹੈ, ਜਦਕਿ ਨਿਊਜ਼ੀਲੈਂਡ ਦੀ ਚਾਰ ਮੈਚਾਂ ਦੀ ਜਿੱਤ ਦਾ ਸਿਲਸਿਲਾ ਖਤਮ ਹੋ ਗਿਆ ਹੈ। ਭਾਰਤ ਦਾ ਅਗਲਾ ਮੁਕਾਬਲਾ 29 ਅਕਤੂਬਰ ਨੂੰ ਲਖਨਊ ‘ਚ ਇੰਗਲੈਂਡ ਨਾਲ ਹੋਵੇਗਾ, ਜਦਕਿ ਨਿਊਜ਼ੀਲੈਂਡ ਦਾ ਸਾਹਮਣਾ 28 ਅਕਤੂਬਰ ਨੂੰ ਧਰਮਸ਼ਾਲਾ ‘ਚ ਆਸਟ੍ਰੇਲੀਆ ਨਾਲ ਹੋਵੇਗਾ।
