ਜੰਮੂ, 23 ਅਕਤੂਬਰ। ਸੁਰੱਖਿਆ ਬਲਾਂ ਨੇ ਸੋਮਵਾਰ ਸਵੇਰੇ ਬਾਰਾਮੂਲਾ ਜ਼ਿਲੇ ਦੇ ਉਰੀ ਸੈਕਟਰ ‘ਚ ਫਿਰ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ। ਇਸ ਦੌਰਾਨ ਦੋ ਅੱਤਵਾਦੀਆਂ ਦੇ ਜ਼ਖਮੀ ਹੋਣ ਦਾ ਸ਼ੱਕ ਹੈ। ਮੌਕੇ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਜ਼ਖਮੀ ਅੱਤਵਾਦੀਆਂ ਦੀ ਭਾਲ ਲਈ ਸ਼ੁਰੂ ਕੀਤਾ ਗਿਆ ਆਪਰੇਸ਼ਨ ਰਾਤ ਨੂੰ ਰੋਕ ਦਿੱਤਾ ਗਿਆ ਸੀ, ਜੋ ਅੱਜ ਸਵੇਰੇ ਮੁੜ ਸ਼ੁਰੂ ਕੀਤਾ ਗਿਆ।
ਫੌਜ ਦੇ ਬੁਲਾਰੇ ਮੁਤਾਬਕ ਸੁਰੱਖਿਆ ਬਲਾਂ ਨੂੰ ਕੰਟਰੋਲ ਰੇਖਾ ਦੇ ਪਾਰ ਤੋਂ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਮਿਲੀ ਸੀ। ਜਿਸ ਕਾਰਨ ਜਵਾਨਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਮੀਂਹ ਅਤੇ ਖਰਾਬ ਮੌਸਮ ਦਾ ਫਾਇਦਾ ਉਠਾਉਂਦੇ ਹੋਏ ਅੱਤਵਾਦੀਆਂ ਦੇ ਇਕ ਸਮੂਹ ਨੇ ਕੰਟਰੋਲ ਰੇਖਾ ਪਾਰ ਕਰਕੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਹਨੇਰਾ ਹੋਣ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਰਹੀ। ਇਸ ਦੌਰਾਨ ਦੋ ਅੱਤਵਾਦੀ ਮਾਰੇ ਗਏ।
ਬੁਲਾਰੇ ਨੇ ਦੱਸਿਆ ਕਿ ਬਾਕੀ ਅੱਤਵਾਦੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਲੈ ਕੇ ਵਾਪਸ ਚਲੇ ਗਏ। ਮੌਕੇ ਤੋਂ ਏ.ਕੇ. ਰਾਈਫਲ, 6 ਪਿਸਤੌਲ, 4 ਚੀਨੀ ਬਣੇ ਗ੍ਰੇਨੇਡ, ਕੰਬਲ ਅਤੇ ਖੂਨ ਨਾਲ ਲਿਬੜੇ ਦੋ ਬੈਗ, ਪਾਕਿਸਤਾਨੀ ਅਤੇ ਭਾਰਤੀ ਕਰੰਸੀ ਦੇ ਨੋਟ, ਦਵਾਈਆਂ ਅਤੇ ਖਾਣ-ਪੀਣ ਦਾ ਸਮਾਨ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ 30 ਸਤੰਬਰ ਨੂੰ ਸੁਰੱਖਿਆ ਬਲਾਂ ਨੇ ਕੁਪਵਾੜਾ ਦੇ ਮਾਛਿਲ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਦੋ ਘੁਸਪੈਠੀਆਂ ਨੂੰ ਮਾਰ ਮੁਕਾਇਆ ਸੀ।
