ਨਵੀਂ ਦਿੱਲੀ, 26 ਅਕਤੂਬਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾ ਏਸ਼ੀਆਈ ਖੇਡਾਂ ਵਿੱਚ 73 ਤੋਂ ਵੱਧ ਤਗਮੇ ਜਿੱਤਣ ਲਈ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਭਾਰਤੀ ਦਲ ਨੇ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ 79 ਤਗਮੇ ਜਿੱਤੇ ਹਨ ਅਤੇ 2018 ਵਿੱਚ ਜਿੱਤੇ 72 ਤਗਮਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਅਥਲੀਟਾਂ ਨੂੰ ਵਧਾਈ ਦਿੰਦੇ ਹੋਏ, ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ, “ਏਸ਼ੀਅਨ ਪੈਰਾ ਖੇਡਾਂ ਵਿੱਚ ਇੱਕ ਸ਼ਾਨਦਾਰ ਪ੍ਰਾਪਤੀ, ਜਿਸ ’ਚ ਭਾਰਤ ਨੇ ਬੇਮਿਸਾਲ 73 ਤਗਮੇ ਜਿੱਤੇ ਅਤੇ ਅਜੇ ਵੀ ਮਜ਼ਬੂਤ ਸਥਿਤੀ ਵਿੱਚ ਹੈ, ਜਕਾਰਤਾ 2018 ਏਸ਼ੀਅਨ ਪੈਰਾ ਖੇਡਾਂ ਵਿੱਚ 72 ਤਗਮਿਆਂ ਦੇ ਸਾਡੇ ਪਿਛਲੇ ਰਿਕਾਰਡ ਨੂੰ ਤੋੜ੍ਹ ਦਿੱਤਾ! ਇਹ ਮਹੱਤਵਪੂਰਣ ਮੌਕਾ ਸਾਡੇ ਐਥਲੀਟਾਂ ਦੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ।
ਸਾਡੇ ਅਸਾਧਾਰਨ ਪੈਰਾ-ਐਥਲੀਟਾਂ ਨੂੰ ਬਹੁਤ-ਬਹੁਤ ਵਧਾਈਆਂ, ਜਿਨ੍ਹਾਂ ਨੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ, ਜਿਸਨੇ ਹਰ ਭਾਰਤੀ ਦੇ ਦਿਲ ਨੂੰ ਬਹੁਤ ਖੁਸ਼ੀ ਨਾਲ ਭਰ ਦਿੱਤਾ ਹੈ। ਉਨ੍ਹਾਂ ਦੀ ਵਚਨਬੱਧਤਾ, ਲਗਨ ਅਤੇ ਉੱਤਮ ਬਣਨ ਦੀ ਅਟੁੱਟ ਇੱਛਾ ਸੱਚਮੁੱਚ ਪ੍ਰੇਰਨਾਦਾਇਕ ਹੈ! ਇਹ ਉਮੀਦ ਹੈ ਕਿ ਇਹ ਇਤਿਹਾਸਕ ਪ੍ਰਾਪਤੀ ਇੱਕ ਮਾਰਗਦਰਸ਼ਕ ਵਜੋਂ ਕੰਮ ਕਰੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ।
ਭਾਰਤ ਨੇ ਹੁਣ ਤੱਕ ਕੁੱਲ 79 ਤਗਮੇ ਜਿੱਤੇ ਹਨ, ਜਿਸ ਵਿੱਚ 18 ਸੋਨ, 21 ਚਾਂਦੀ ਅਤੇ 39 ਕਾਂਸੀ ਸ਼ਾਮਲ ਹਨ। ਨਿਤਿਆ ਸਾਰੇ ਨੇ ਬੈਡਮਿੰਟਨ ਮਹਿਲਾ ਸਿੰਗਲਜ਼ ਐੱਸ. ਐੱਚ6 ਈਵੈਂਟ ਵਿੱਚ 73ਵਾਂ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
