ਰਾਂਚੀ, 06 ਨਵੰਬਰ। ਮਾਰੰਗ ਗੋਮਕੇ ਜੈਪਾਲ ਸਿੰਘ ਐਸਟ੍ਰੋਟਰਫ ਹਾਕੀ ਸਟੇਡੀਅਮ ਵਿੱਚ ਇੱਕ ਰੋਮਾਂਚਕ ਫਾਈਨਲ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਮੌਜੂਦਾ ਚੈਂਪੀਅਨ ਜਾਪਾਨ ਨੂੰ 4-0 ਨਾਲ ਹਰਾ ਕੇ ਝਾਰਖੰਡ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਜਿੱਤ ਲਈ ਹੈ। ਭਾਰਤੀ ਮਹਿਲਾ ਟੀਮ ਦਾ ਇਹ ਦੂਜਾ ਏਸ਼ੀਅਨ ਚੈਂਪੀਅਨਸ ਟਰਾਫੀ ਖਿਤਾਬ ਹੈ।
ਭਾਰਤ ਲਈ ਸੰਗੀਤਾ ਕੁਮਾਰੀ (17′), ਨੇਹਾ (46′), ਲਾਲਰੇਮਸਿਆਮੀ (57′) ਅਤੇ ਵੰਦਨਾ ਕਟਾਰੀਆ (60′) ਨੇ ਇਕ-ਇਕ ਗੋਲ ਕੀਤਾ। ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਨੇ ਇੱਕ ਵਾਰ ਫਿਰ ਸ਼ੁਰੂ ਤੋਂ ਹੀ ਹਮਲਾਵਰ ਰਣਨੀਤੀ ਅਪਣਾਈ ਅਤੇ ਮੌਜੂਦਾ ਚੈਂਪੀਅਨ ਜਾਪਾਨ ਉੱਤੇ ਲਗਾਤਾਰ ਦਬਾਅ ਬਣਾਇਆ। ਭਾਰਤ ਨੇ ਆਪਣਾ ਹਮਲਾਵਰ ਦਬਾਅ ਬਰਕਰਾਰ ਰੱਖਿਆ, ਲਗਾਤਾਰ ਦਾਇਰੇ ਵਿੱਚ ਦਾਖਲ ਹੁੰਦਾ ਰਿਹਾ, ਹਾਲਾਂਕਿ ਉਹ ਜਾਪਾਨ ਦੀ ਰੱਖਿਆ ਵਿੱਚ ਪ੍ਰਵੇਸ਼ ਕਰਨ ਵਿੱਚ ਅਸਮਰੱਥ ਰਿਹਾ। ਪਹਿਲਾ ਕੁਆਰਟਰ ਗੋਲ ਰਹਿਤ ਸਮਾਪਤ ਹੋਇਆ।
ਦੂਜੇ ਕੁਆਰਟਰ ਵਿੱਚ ਵੀ ਭਾਰਤ ਨੇ ਆਪਣਾ ਹਮਲਾਵਰ ਰੁਖ਼ ਬਰਕਰਾਰ ਰੱਖਿਆ ਅਤੇ ਸੰਗੀਤਾ ਕੁਮਾਰੀ (17′) ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਜਾਪਾਨ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਟੀਮ ਗੋਲ ਕਰਨ ਵਿੱਚ ਨਾਕਾਮ ਰਹੀ। ਹਾਫ ਟਾਈਮ ਤੱਕ ਭਾਰਤੀ ਟੀਮ 1-0 ਨਾਲ ਅੱਗੇ ਸੀ।
ਭਾਰਤ ਨੇ ਲਗਾਤਾਰ ਦ੍ਰਿੜਤਾ ਦਿਖਾਉਂਦੇ ਹੋਏ ਤੀਸਰੇ ਕੁਆਰਟਰ ਦੀ ਸ਼ੁਰੂਆਤ ਤੀਬਰ ਹਮਲਾਵਰਤਾ ਨਾਲ ਕੀਤੀ। ਫਿਰ ਵੀ ਜਾਪਾਨ ਨੇ ਭਾਰਤੀ ਹਮਲੇ ਨੂੰ ਨਾਕਾਮ ਕਰਨ ਲਈ ਨਾ ਸਿਰਫ ਜ਼ਬਰਦਸਤ ਰੱਖਿਆਤਮਕ ਤਾਕਤ ਦਾ ਪ੍ਰਦਰਸ਼ਨ ਕੀਤਾ, ਸਗੋਂ ਖੇਡ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਵਿਚ ਗੇਂਦ ‘ਤੇ ਕਬਜ਼ਾ ਵੀ ਬਰਕਰਾਰ ਰੱਖਿਆ, ਹਾਲਾਂਕਿ ਤੀਜੇ ਕੁਆਰਟਰ ਵਿਚ ਕੋਈ ਵੀ ਟੀਮ ਗੋਲ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ। ਤੀਜੇ ਕੁਆਰਟਰ ਦੇ ਅੰਤ ਤੱਕ ਭਾਰਤੀ ਟੀਮ ਨੇ 1-0 ਦੀ ਬੜ੍ਹਤ ਬਣਾਈ ਰੱਖੀ।
ਚੌਥੇ ਅਤੇ ਆਖ਼ਰੀ ਕੁਆਰਟਰ ਦੀ ਸ਼ੁਰੂਆਤ ਭਾਰਤ ਨੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕਰਨ ਦੇ ਨਾਲ ਕੀਤੀ ਅਤੇ ਅੰਤ ਵਿੱਚ ਉਸਨੂੰ ਤੀਜੀ ਕੋਸ਼ਿਸ਼ ਵਿੱਚ ਸਫਲਤਾ ਮਿਲੀ, ਜਦੋਂ ਨੇਹਾ (46′) ਨੇ ਚਲਾਕੀ ਨਾਲ ਗੇਂਦ ਨੂੰ ਨੈੱਟ ਵਿੱਚ ਪਾ ਦਿੱਤਾ ਅਤੇ ਭਾਰਤੀ ਟੀਮ 2-0 ਨਾਲ ਅੱਗੇ ਹੋ ਗਈ। ਮੈਚ ਦੇ ਅੰਤਮ ਪਲਾਂ ਵਿੱਚ ਲਾਲਰੇਮਸਿਆਮੀ (57′) ਨੇ ਪੈਨਲਟੀ ਕਾਰਨਰ ਰਾਹੀਂ ਅਤੇ ਵੰਦਨਾ ਕਟਾਰੀਆ (60’) ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਭਾਰਤ ਦੀ ਲੀਡ 4-0 ਤੱਕ ਪਹੁੰਚਾ ਦਿੱਤੀ ਅਤੇ ਇਹ ਸਕੋਰ ਫੈਸਲਾਕੁੰਨ ਸਾਬਤ ਹੋਇਆ।
