ਹਾਂਗਜ਼ੂ, 29 ਸਤੰਬਰ (ਹਿ.ਸ.)। ਚੋਟੀ ਦੀ ਭਾਰਤੀ ਖਿਡਾਰਨ ਮਨਿਕਾ ਬੱਤਰਾ ਸ਼ੁੱਕਰਵਾਰ ਨੂੰ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਮਹਿਲਾ ਟੇਬਲ ਟੈਨਿਸ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ।
ਉਨ੍ਹਾਂ ਨੇ ਆਪਣੇ ਰਾਊਂਡ ਆਫ 16 ਦੇ ਮੈਚ ਵਿੱਚ ਥਾਈਲੈਂਡ ਦੀ ਸੁਥਾਸਿਨੀ ਸਵੇਤਾਬੂਤ ਨੂੰ 4-2 (11-7, 6-11, 12-10, 11-13, 12-10, 11-6) ਨਾਲ ਹਰਾਇਆ। ਪਹਿਲੇ ਚਾਰ ਸੈੱਟਾਂ ਦੇ ਰੋਮਾਂਚਕ ਹੋਣ ਤੋਂ ਬਾਅਦ, ਜਿਸ ਨਾਲ ਸਕੋਰ 2-2 ਨਾਲ ਬਰਾਬਰ ਰਿਹਾ, ਬੱਤਰਾ ਨੇ ਅਗਲੇ ਦੋ ਸੈੱਟਾਂ ਵਿੱਚ ਸੁਥਾਸਿਨੀ ਨੂੰ ਹਰਾ ਕੇ ਜਿੱਤ ’ਤੇ ਮੋਹਰ ਲਗਾਈ।
ਉਹ ਟੇਬਲ ਟੈਨਿਸ ਵਿੱਚ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਸਿੰਗਲ ਖਿਡਾਰਨ ਬਣ ਗਈ। ਉਹ ਆਖ਼ਰੀ ਚਾਰ ਵਿੱਚ ਥਾਂ ਬਣਾਉਣ ਅਤੇ ਤਗ਼ਮਾ ਪੱਕਾ ਕਰਨ ਲਈ ਵੈਂਗ ਯੀਦੀ ਨਾਲ ਭਿੜੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
