ਨਵੀਂ ਦਿੱਲੀ, 29 ਸਤੰਬਰ (ਹਿ. ਸ.)। ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਹਰ ਖੇਤਰ ਵਿੱਚ ਲਗਾਤਾਰ ਵਿਕਾਸ ਕਰ ਰਿਹਾ ਹੈ। ਇਹ ਸਮਾਂ ਸਾਡੇ ਲਈ ਹਰ ਖੇਤਰ ਵਿੱਚ ਅੱਵਲ ਬਣਨ ਲਈ ਅਨੁਕੂਲ ਹੈ।
ਸ਼ਾਹ ਨੇ ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਵਿਗਿਆਨ ਭਵਨ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਸਾਲ 2014 ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ। ਇਸ ਦਾ ਨਤੀਜਾ ਹੈ ਕਿ ਸਾਲ 2014 ਵਿਚ ਅਸੀਂ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ ਅਤੇ ਸਾਲ 2023 ਵਿਚ ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਉੱਭਰੇ ਹਾਂ। ਸਾਲ 2027 ਤੱਕ ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ 2013-14 ਵਿੱਚ ਦੇਸ਼ ਵਿੱਚ 04 ਯੂਨੀਕੋਰਨ ਸਟਾਰਟਅੱਪ ਸਨ, ਅੱਜ ਭਾਰਤ 115 ਯੂਨੀਕੋਰਨਾਂ ਦੇ ਨਾਲ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ। 2013-14 ਵਿੱਚ ਦੇਸ਼ ਵਿੱਚ 350 ਸਟਾਰਟਅੱਪ ਸਨ ਅਤੇ ਅੱਜ 01 ਲੱਖ ਤੋਂ ਵੱਧ ਸਟਾਰਟਅੱਪ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ। ਮੋਦੀ ਸਰਕਾਰ ਨੇ ਪਿਛਲੇ 09 ਸਾਲਾਂ ਵਿੱਚ ਭਾਰਤ ਨੂੰ ਹਰ ਖੇਤਰ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਮਯਾਬ ਵੀ ਹੋਈ ਹੈ। ਸਰਕਾਰ ਦੇ ਯਤਨਾਂ ਸਦਕਾ ਦੇਸ਼ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਮਿਲੀ ਹੈ।
ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਸਾਡਾ ਦੇਸ਼ ਸਭ ਤੋਂ ਵੱਧ ਨੌਜਵਾਨ ਹੈ ਅਤੇ ਸਾਡੇ ਕੋਲ ਸਭ ਤੋਂ ਵੱਧ ਇੰਜੀਨੀਅਰ, ਡਾਕਟਰ ਅਤੇ ਟੈਕਨੋਕਰੇਟਸ ਵੀ ਹਨ। ਇੱਥੇ ਲੋਕਤੰਤਰ ਹੈ, ਟੀਮ ਵਰਕ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨੀਤੀ ਬਣਾਉਣਾ ਵੀ ਸਪੱਸ਼ਟ ਹੈ। ਇਸ ਲਈ ਹੁਣ ਭਾਰਤ ਨੂੰ ਅੰਮ੍ਰਿਤ ਕਾਲ ਵਿਚ ਹਰ ਖੇਤਰ ਵਿਚ ਪਹਿਲੇ ਸਥਾਨ ’ਤੇ ਸਥਾਪਿਤ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸਾਡੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ ਹੋਇਆ ਹੈ। ਪਹਿਲਾਂ ਸਾਡੇ ਵਿਦੇਸ਼ੀ ਮੁਦਰਾ ਭੰਡਾਰ 309 ਅਰਬ ਡਾਲਰ ਸੀ। ਹੁਣ ਇਹ ਵਧ ਕੇ 583 ਅਰਬ ਡਾਲਰ ਹੋ ਗਿਆ ਹੈ। ਦੇਸ਼ ਵਿੱਚ ਜੀਐਸਟੀ ਕਲੈਕਸ਼ਨ ਵਧਿਆ ਹੈ। ਰਾਜਾਂ ਨੂੰ ਉਨ੍ਹਾਂ ਦੇ ਫੰਡ ਸਮੇਂ ਸਿਰ ਮੁਹੱਈਆ ਕਰਵਾਏ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
