ਹਾਂਗਜ਼ੂ, 29 ਸਤੰਬਰ (ਹਿ. ਸ.)। ਭਾਰਤੀ ਤੈਰਾਕਾਂ ਅਦਵੈਤ ਪੇਜ ਅਤੇ ਸਾਜਨ ਪ੍ਰਕਾਸ਼ ਨੇ ਸ਼ੁੱਕਰਵਾਰ ਨੂੰ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ 200 ਮੀਟਰ ਬੈਕਸਟ੍ਰੋਕ ਅਤੇ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਮੁਕਾਬਲਿਆਂ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ।
ਪੁਰਸ਼ਾਂ ਦੇ 200 ਮੀਟਰ ਬੈਕਸਟ੍ਰੋਕ ਵਿੱਚ 2:03.01 ਦੇ ਸਮੇਂ ਨਾਲ ਆਪਣਾ ਨਵਾਂ ਨਿੱਜੀ ਸਰਵੋਤਮ ਸੈਟ ਕਰਦਿਆਂ ਅਦਵੈਤ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕਰਨ ਲਈ ਚੋਟੀ ਦੇ ਅੱਠ ਤੈਰਾਕਾਂ ਵਿੱਚ ਸ਼ਾਮਲ ਹੋਣ ਵਿੱਚ ਕਾਮਯਾਬ ਰਹੇ। ਹਾਲਾਂਕਿ, ਸ਼੍ਰੀਹਰੀ 2:07.19 ਦੇ ਸਮੇਂ ਨਾਲ 14ਵੇਂ ਸਥਾਨ ’ਤੇ ਰਹੇ।
ਸਾਜਨ ਨੇ ਪੁਰਸ਼ਾਂ ਵੀ 200 ਮੀਟਰ ਬਟਰਫਲਾਈ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਅਤੇ 1:58.40 ਦੇ ਸਮੇਂ ਨਾਲ ਛੇਵੇਂ ਸਥਾਨ ’ਤੇ ਰਹੇ। ਉਹ ਜਾਪਾਨ ਦੇ ਟੇਬਲ ਟਾਪਰ ਤੋਮੋਰੂ ਹੋਂਡਾ ਤੋਂ ਸਿਰਫ਼ 5.10 ਸਕਿੰਟ ਪਿੱਛੇ ਰਹੇ, ਜਿਨ੍ਹਾਂ ਨੇ ਏਸ਼ਿਆਈ ਖੇਡਾਂ ਦਾ ਨਵਾਂ ਰਿਕਾਰਡ ਵੀ ਕਾਇਮ ਕੀਤਾ। ਅਨੀਸ਼ ਗੌੜਾ ਹਾਲਾਂਕਿ ਹੀਟਸ ’ਚ 13ਵੇਂ ਸਥਾਨ ’ਤੇ ਰਹੇ ਅਤੇ ਫਾਈਨਲ ’ਚ ਜਗ੍ਹਾ ਪੱਕੀ ਨਹੀਂ ਕਰ ਸਕੇ।
50 ਮੀਟਰ ਮਹਿਲਾ ਬਟਰਫਲਾਈ ਵਿੱਚ, ਨੀਨਾ ਵੈਂਕਟੇਸ਼ ਨੇ 27.80 ਸਕਿੰਟ ਦਾ ਸਮਾਂ ਕੱਢ ਕੇ ਹੀਟਸ ਵਿੱਚ 14ਵਾਂ ਸਥਾਨ ਹਾਸਲ ਕੀਤਾ, ਜੋ ਉਨ੍ਹਾਂ ਲਈ ਫਾਈਨਲ ਵਿੱਚ ਪਹੁੰਚਣ ਲਈ ਕਾਫ਼ੀ ਨਹੀਂ ਸੀ ਪਰ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਕਾਫੀ ਸੀ। ਪੁਰਸ਼ਾਂ ਦੇ 400 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ,ਆਰੀਅਨ ਨਹਿਰਾ ਅਤੇ ਕੁਸ਼ਾਗਰਾ ਰਾਵਤ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੇ ਕਿਉਂਕਿ ਉਹ ਚੋਟੀ ਦੇ ਅੱਠ ਪ੍ਰਤੀਯੋਗੀਆਂ ਤੋਂ ਬਾਹਰ ਰਹੇ। ਔਰਤਾਂ ਦੇ 4×100 ਮੀਟਰ ਮੈਡਲੇ ਰਿਲੇਅ ਵਿੱਚ, ਭਾਰਤੀ ਟੀਮ 4:23.46 ਦੇ ਸਮੇਂ ਨਾਲ ਨੌਵੇਂ ਸਥਾਨ ’ਤੇ ਰਹੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
