ਨਵੀਂ ਦਿੱਲੀ, 29 ਸਤੰਬਰ (ਹਿ. ਸ.)। ਭਾਰਤੀ ਜਲ ਸੈਨਾ ਦੇ ਪਹਿਲੇ ਸਿਖਲਾਈ ਸਕੁਐਡਰਨ ਦੇ ਤਿੰਨ ਜਹਾਜ਼ਾਂ ਨੇ ਲੰਬੀ ਰੇਂਜ ਦੀ ਤਾਇਨਾਤੀ ਦੇ ਹਿੱਸੇ ਵਜੋਂ ਫੁਕੇਤ (ਥਾਈਲੈਂਡ) ਦਾ ਦੌਰਾ ਕੀਤਾ। ਇਸ ਸਿਖਲਾਈ ਦੌਰੇ ਵਿੱਚ ਤੱਟ ਰੱਖਿਅਕ ਜਹਾਜ਼ ਆਈਸੀਜੀਐੱਸ ਸਾਰਥੀ ਵੀ ਸ਼ਾਮਲ ਸੀ। ਰਾਇਲ ਥਾਈ ਨੇਵੀ (ਆਰਟੀਐਨ) ਦੇ ਬੈਂਡ ਨੇ ਭਾਰਤੀ ਜਹਾਜ਼ਾਂ ਦਾ ਧੂਮ-ਧਾਮ ਨਾਲ ਸਵਾਗਤ ਕੀਤਾ। ਇਸ ਦੌਰੇ ਦੌਰਾਨ ਦੋਵਾਂ ਜਲ ਸੈਨਾਵਾਂ ਦੇ ਕਰਮਚਾਰੀ ਅੰਤਰ ਸਿਖਲਾਈ ਦੌਰੇ, ਪੇਸ਼ੇਵਰ ਗੱਲਬਾਤ, ਖੇਡ ਸਮਾਗਮਾਂ ਅਤੇ ਸਾਂਝੇ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਏ।
ਭਾਰਤੀ ਜਲ ਸੈਨਾ ਨੇ ਆਪਣੇ ਪਹਿਲੇ ਸਿਖਲਾਈ ਸਕੁਐਡਰਨ ਦੇ ਤਿੰਨ ਜਹਾਜ਼, ਆਈਐਨਐਸ ਤੀਰ, ਆਈਐਨਐਸ ਸੁਜਾਤਾ ਅਤੇ ਆਈਐਨਐਸ ਸੁਦਰਸ਼ਨੀ ਨੂੰ ਲੰਬੀ ਦੂਰੀ ਦੀ ਤੈਨਾਤੀ ਦੇ ਹਿੱਸੇ ਵਜੋਂ ਫੁਕੇਤ ਭੇਜਿਆ ਸੀ। ਉਨ੍ਹਾਂ ਦੇ ਨਾਲ ਤੱਟ ਰੱਖਿਅਕ ਜਹਾਜ਼ ਆਈਸੀਜੀਐਸ ਸਾਰਥੀ ਨੇ ਵੀ ਫੁਕੇਤ ਦਾ ਦੌਰਾ ਕੀਤਾ। ਇਹ ਚਾਰੇ ਭਾਰਤੀ ਜਹਾਜ਼ 25-28 ਸਤੰਬਰ ਤੱਕ ਵਿਦੇਸ਼ਾਂ ਵਿੱਚ ਤਾਇਨਾਤ ਸਨ ਅਤੇ ਰਾਇਲ ਥਾਈ ਨੇਵੀ (ਆਰਟੀਐਨ) ਬੈਂਡ ਵੱਲੋਂ ਇਨ੍ਹਾਂ ਜਹਾਜ਼ਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਿਖਲਾਈ ਸਕੁਐਡਰਨ ਦੇ ਸੀਨੀਅਰ ਅਧਿਕਾਰੀ ਕੈਪਟਨ ਸਰਵਪ੍ਰੀਤ ਸਿੰਘ ਨੇ ਜ਼ਹਾਜਾਂ ਦੇ ਕਮਾਂਡਿੰਗ ਅਫਸਰਾਂ ਨਾਲ ਥਾਈ ਜਲ ਸੈਨਾ ਦੇ ਚੀਫ ਆਫ ਸਟਾਫ ਰੀਅਰ ਐਡਮਿਰਲ ਪੁਚੌਂਗ ਰੋਡਨਿਕਰੋਨ ਨਾਲ ਮੁਲਾਕਾਤ ਕੀਤੀ। ਆਈ.ਐੱਨ.ਐੱਸ. ਤੀਰ ’ਤੇ ਆਰਟੀਐੱਨ ਅਧਿਕਾਰੀਆਂ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਤੀਜੀ ਨੇਵਲ ਏਰੀਆ ਕਮਾਂਡ ਦੇ ਚੀਫ਼ ਆਫ਼ ਸਟਾਫ਼ ਦਾ ਸੁਆਗਤ ਸਮਾਰੋਹ ਆਯੋਜਿਤ ਕੀਤਾ ਗਿਆ। ਜਹਾਜਾਂ ਨੂੰ ਸੈਲਾਨੀਆਂ ਲਈ ਖੁੱਲ੍ਹਾ ਰੱਖਿਆ ਗਿਆ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਜਹਾਜ਼ਾਂ ’ਤੇ ਲਿਜਾਇਆ ਗਿਆ। ਟ੍ਰੇਨਿੰਗ ਸਕੁਐਡਰਨ ਦੇ ਸਿਖਿਆਰਥੀਆਂ ਨੇ ਫਾਂਗ ਨਗਾ ਨੇਵਲ ਬੇਸ ਵਿਖੇ ਨੇਵਲ ਅਕੈਡਮੀ ਦਾ ਦੌਰਾ ਕੀਤਾ।
ਇਸ ਦੌਰੇ ਦੌਰਾਨ ਦੋਵਾਂ ਜਲ ਸੈਨਾਵਾਂ ਦੇ ਕਰਮਚਾਰੀ ਅੰਤਰ ਸਿਖਲਾਈ ਦੌਰੇ, ਪੇਸ਼ੇਵਰ ਗੱਲਬਾਤ, ਖੇਡ ਸਮਾਗਮਾਂ ਅਤੇ ਸਾਂਝੇ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋਏ। ਰਾਇਲ ਥਾਈ ਨੇਵਲ ਸ਼ਿਪ ਕਲਾਂਗ ਦੇ ਨਾਲ ਸਮੁੰਦਰੀ ਸਿਖਲਾਈ ਭਾਗੀਦਾਰੀ ਅਭਿਆਸ ਦੇ ਹਿੱਸੇ ਵਜੋਂ ਸਿਖਿਆਰਥੀਆਂ ਦੀ ਕ੍ਰਾਸ ਐਂਬਰਕੇਸ਼ਨ, ਅਭਿਆਸ ਕਰਵਾਏ ਗਏ। ਜਲ ਸੈਨਾ ਅਨੁਸਾਰ ਭਾਰਤੀ ਜਹਾਜ਼ਾਂ ਦੀ ਥਾਈਲੈਂਡ ਦੀ ਇਹ ਯਾਤਰਾ ਦੋਵਾਂ ਦੇਸ਼ਾਂ ਦੇ ਸਮੁੰਦਰੀ ਸਬੰਧਾਂ ਅਤੇ ਦੋਵਾਂ ਜਲ ਸੈਨਾਵਾਂ ਦਰਮਿਆਨ ਦੋਸਤੀ ਦੇ ਬੰਧਨ ਨੂੰ ਹੋਰ ਮਜ਼ਬੂਤ ਕਰਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
