ਅੰਮ੍ਰਿਤਸਰ, 24 ਅਕਤੂਬਰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰੂਪਨਗਰ ਵਿਖੇ ਇਕ ਅੰਮ੍ਰਿਤਧਾਰੀ ਬੇਰੁਜ਼ਗਾਰ ਮਹਿਲਾ ਪ੍ਰੋਫ਼ੈਸਰ ਵਲੋਂ ਸਰਕਾਰ ਦੀ ਬੇਇਨਸਾਫ਼ੀ ਤੋਂ ਤੰਗ ਆ ਕੇ ਆਤਮ-ਹੱਤਿਆ ਲਈ ਮਜਬੂਰ ਹੋਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਇਕ ਰਾਜ ਸ਼ਾਸਨ ਲਈ ਇਸ ਤੋਂ ਵੱਧ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ ਕਿ ਉਸ ਦੇ ਨਾਗਰਿਕਾਂ ਨੂੰ ਆਪਣੇ ਰੁਜ਼ਗਾਰ ਦਾ ਹੱਕ ਨਾ ਮਿਲਣ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰਨ ਲਈ ਮਜਬੂਰ ਹੋਣਾ ਪੈ ਜਾਵੇ।
ਉਨ੍ਹਾਂ ਕਿਹਾ ਕਿ ਬਲਵਿੰਦਰ ਕੌਰ ਵਲੋਂ ਆਤਮ-ਹੱਤਿਆ ਨੋਟ ਵਿਚ ਸਰਕਾਰ ਉੱਪਰ ਲਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਦੀ ਡੂੰਘਾਈ ਨਾਲ ਜਾਂਚ ਕਰਕੇ ਬੇਰੁਜ਼ਗਾਰ ਮਹਿਲਾ ਪ੍ਰੋਫੈਸਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਕਿੰਨੇ ਵੀ ਤਾਕਤਵਰ ਰੁਤਬੇ ‘ਤੇ ਕਿਉਂ ਨਾ ਹੋਣ। ਗਿਆਨੀ ਰਘਬੀਰ ਸਿੰਘ ਨੇ ਜਾਰੀ ਲਿਖਤੀ ਬਿਆਨ ਰਾਹੀਂ ਕਿਹਾ ਕਿ ਆਪਣੇ ਨਾਗਰਿਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹਰੇਕ ਰਾਜ ਸ਼ਾਸਨ ਦਾ ਧਰਮ ਹੁੰਦਾ ਹੈ ਪਰ ਜਦੋਂ ਕਿਸੇ ਰਾਜ ਦੇ ਨਾਗਰਿਕਾਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਕੇ ਵੀ ਰੁਜ਼ਗਾਰ ਲੈਣ ਲਈ ਆਪਣੇ ਪਰਿਵਾਰਾਂ ਤੇ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਸੜਕਾਂ ‘ਤੇ ਰੁਲਣਾ ਪਵੇ ਅਤੇ ਨਿੱਤ ਦਿਹਾੜੇ ਰਾਜਤੰਤਰ ਦਾ ਤਸ਼ੱਦਦ ਸਹਿਣ ਕਰਨਾ ਪਵੇ ਤਾਂ ਇਹ ਰਾਜ ਧਰਮ ਦੀ ਸਭ ਤੋਂ ਵੱਡੀ ਅਸਫ਼ਲਤਾ ਹੁੰਦੀ ਹੈ।
