ਤਰਨ ਤਾਰਨ, 28 ਮਾਰਚ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਚੋਣ ਦਫਤਰ ਤਰਨਤਾਰਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਹਲਕੇ ਵਿੱਚ ਸੁਰੱਖਿਅਤ ਅਤੇ ਸ਼ਾਂਤਮਈ ਚੋਣਾਂ ਨੂੰ ਯਕੀਨੀ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਤੇ ਰਿਟਰਨਿੰਗ ਅਫ਼ਸਰ ਹਲਕਾ ਖਡੂਰ ਸਾਹਿਬ ਸੰਦੀਪ ਕੁਮਾਰ ਨੇ ਹਲਕੇ ਦੇ ਹਰ ਇੱਕ ਵੋਟਰ ਨੂੰ ਅਪੀਲ ਕਰਦਿਆਂ ਕਿਹਾ ਉਹ ਲੋਕਤੰਤਰ ਦੇ ਉਤਸਵ ਵਿੱਚ ਆਪਣਾ ਵੱਧ ਤੋਂ ਵਧ ਯੋਗਦਾਨ ਪਾਉਣ।
ਸੰਦੀਪ ਕੁਮਾਰ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਅਜਿਹਾ ਲੋਕ ਸਭਾ ਹਲਕਾ ਹੈ, ਜਿਸ ਦੇ 9 ਵਿਧਾਨ ਸਭਾ ਹਲਕੇ ਸੂਬੇ ਦੇ ਚਾਰ ਜ਼ਿਲ੍ਹਿਆ ਵਿੱਚ ਪੈਂਦੇ ਹਨ। ਉਨਾਂ ਕਿਹਾ ਜ਼ਿਲ੍ਹਾ ਤਰਨਤਾਰਨ ਦੇ 4 ਵਿਧਾਨ ਸਭਾ ਹਲਕੇ (ਤਰਨਤਾਰਨ, ਪੱਟੀ, ਖਡੂਰ ਸਾਹਿਬ ਅਤੇ ਖੇਮਕਰਨ), ਜ਼ਿਲ੍ਹਾ ਅੰਮ੍ਰਿਤਸਰ ਦੇ 2 ਵਿਧਾਨ ਸਭਾ ਹਲਕੇ (ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ), ਜ਼ਿਲ੍ਹਾ ਕਪੂਰਥਲਾ ਦੇ 2 ਹਲਕੇ (ਕਪੂਰਥਲਾ ਅਤੇ ਸੁਲਤਾਨਪੁਰ ਲੋਧੀ) ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਦਾ 1 ਹਲਕਾ (ਜ਼ੀਰਾ) ਸ਼ਾਮਿਲ ਹੈ। ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਹਲਕਾ ਖਡੂਰ ਸਾਹਿਬ ਵਿੱਚ ਕੁੱਲ 1,974 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਕੁੱਲ 16 ਲੱਖ 51 ਹਜ਼ਾਰ 346 ਵੋਟਰ ਹਨ, ਜਿੰਨ੍ਹਾਂ ਵਿੱਚ 868388 ਮਰਦ ਵੋਟਰ ਅਤੇ 782895 ਔਰਤ ਵੋਟਰਾਂ ਤੋਂ ਇਲਾਵਾ 64 ਥਰਡ ਜੈਂਡਰ ਵੋਟਰ ਹਨ।
ਹਲਕਾ ਖਡੂਰ ਸਾਹਿਬ ਬਾਰੇ ਅਹਿਮ ਜਾਣਕਾਰੀ ਦਿੰਦਿਆ ਸੰਦੀਪ ਕੁਮਾਰ ਨੇ ਦੱਸਿਆ ਕਿ ਸੂਬੇ ਭਰ ਦੇ ਵਿੱਚੋਂ 100 ਸਾਲ ਤੋਂ ਵੱਧ ਉਮਰ ਵਾਲੇ ਵੋਟਰ ਹਲਕਾ ਖਡੂਰ ਸਾਹਿਬ ਵਿੱਚ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ 85 ਸਾਲ ਤੋਂ ਵੱਧ ਉਮਰ ਦੇ ਬਿਰਧ ਵੋਟਰਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਘਰ ਦੇ ਵਿੱਚ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਬਜ਼ੁਰਗ ਵਿਅਕਤੀ ਪੋਲਿੰਗ ਸਟੇਸ਼ਨ ਵਿੱਚ ਆਉਣ ਵਿੱਚ ਸਮਰੱਥ ਹੋਣਗੇ, ਉਨਾਂ ਨੂੰ ਲੋੜ ਅਨੁਸਾਰ ਪ੍ਰਸ਼ਾਸਨ ਵੱਲੋਂ ਵਾਹਨ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਦਿੱਕਤ ਦੇ ਕਰ ਸਕਣ। ਸੰਦੀਪ ਕੁਮਾਰ ਨੇ ਕਿਹਾ ਕਿ ਬਜ਼ੁਰਗ ਵੋਟਰਾਂ ਤੋਂ ਇਲਾਵਾ ਦਿਵਿਆਂਗਜਨ ਵੋਟਰਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਸੰਦੀਪ ਕੁਮਾਰ ਨੇ ਕਿਹਾ ਕਿ ਚੋਣ ਦਫਤਰ ਵੱਲੋਂ ਹਲਕੇ ਦੇ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਵੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਚੋਣਾਂ ਵਾਲੇ ਦਿਨ ਸਮੂਹ ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਕੀਤੀ ਜਾਵੇਗੀ ਅਤੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਵੀਡਿਓਗ੍ਰਾਫੀ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿੱਚ ਪੰਜਾਬ ਪੁਲਿਸ ਅਤੇ ਨੀਮ ਫੌਜੀ ਬਲਾਂ ਰਾਹੀਂ ਸੁਰੱਖਿਅਤ ਅਤੇ ਸ਼ਾਂਤਮਈ ਚੋਣਾਂ ਨੂੰ ਯਕੀਨੀ ਬਣਾਇਆ ਜਾਵੇਗਾ।
