ਹੁਸ਼ਿਆਰਪੁਰ, 07 ਅਕਤੂਬਰ। ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਡਿਸਟ੍ਰਿਕਟ ਇੰਸਟੀਚਿਊਟ ਆਫ ਐਜੂਕੇਸ਼ਨ ਟ੍ਰੇਨਿੰਗ (ਡਾਈਟ) ਅੱਜੋਵਾਲ ਵਿਖੇ ‘ਪੰਜਾਬ ਅਗੇਂਸਟ ਡਰੱਗ ਅਡਿਕਸ਼ਨ’ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਉਨ੍ਹਾਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿਚ ਰਹਿ ਰਹੇ ਵਿਅਕਤੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਿਹਤ ਵਿਭਾਗ ਦੇ ਮਾਹਿਰ ਕਾਊਂਸਲਰਾਂ ਵੱਲੋਂ ਪੰਜਾਬ ਨਸ਼ਾ ਵਿਰੋਧੀ ਅਭਿਆਨ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਸਟਾਫ ਵੀ ਮੌਜੂਦ ਸੀ।
ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਸ ਲਈ ਸਾਨੂੰ ਆਪਣੇ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਪਹਿਲ ਕਰਨੀ ਹੋਵੇਗੀ। ਇਸ ਦੌਰਾਨ ਸਾਰਿਆਂ ਨੇ ‘ਜ਼ਿੰਦਗੀ ਨੂੰ ਹਾਂ ਕਹੋ, ਨਸ਼ਿਆਂ ਨੂੰ ਨਾਂਹ ਕਹੋ’ ਦੀ ਸਹੁੰ ਵੀ ਚੁੱਕੀ। ਇਸ ਮੌਕੇ ਸੰਸਥਾ ਦੇ 110 ਵਿਦਿਆਰਥੀ ਅਤੇ ਸਮੂਹ ਸਟਾਫ ਹਾਜ਼ਰ ਸੀ।
