ਵਾਸ਼ਿੰਗਟਨ, 07 ਅਕਤੂਬਰ। ਅਮਰੀਕਾ ਦੇ ਕਨੈਕਟੀਕਟ ਰਾਜ ਦੇ ਲਗਭਗ 5,14,000 ਵਿਦਿਆਰਥੀਆਂ ਨੂੰ ਹੁਣ ਸਿੱਖ ਧਰਮ ਨੂੰ ਜਾਣਨ ਅਤੇ ਸਮਝਣ ਦਾ ਮੌਕਾ ਮਿਲੇਗਾ। ਕਨੈਕਟੀਕਟ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਆਪਣੇ ਨਵੇਂ ਸਮਾਜਿਕ ਵਿਗਿਆਨ ਪਾਠਕ੍ਰਮ ਵਿੱਚ ਸਿੱਖ ਧਰਮ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ‘ਤੇ ਇੱਥੇ ਰਹਿੰਦੇ ਸਿੱਖ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇੱਥੋਂ ਦਾ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਪਾਠਕ੍ਰਮ ਵਿੱਚ ਆਪਣੇ ਧਰਮ ਨੂੰ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਸੀ। ਮੀਡੀਆ ਰਿਪੋਰਟਾਂ ਵਿੱਚ ਨੌਰਵਿਚ ਸਿਟੀ ਦੇ ਸਵਰਨਜੀਤ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਵਾਂ ਪਾਠਕ੍ਰਮ ਵਿਦਿਆਰਥੀਆਂ ਨੂੰ ਸਿੱਖਿਆ ਦੇ ਤਿੰਨੋਂ ਪੱਧਰਾਂ ‘ਤੇ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ। ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਸਿੱਖ ਧਰਮ ਦੇ ਇਤਿਹਾਸ ਅਤੇ ਸਿੱਖ ਕੌਮ ਦੇ ਯੋਗਦਾਨ ਬਾਰੇ ਪੜ੍ਹਾਇਆ ਜਾਵੇਗਾ। ਇਸ ਨਾਲ ਬੱਚਿਆਂ ਲਈ ਸੁਰੱਖਿਅਤ ਮਾਹੌਲ ਸਿਰਜਣ ਵਿੱਚ ਮਦਦ ਮਿਲੇਗੀ।
ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਿੱਖ ਕੁਲੀਸ਼ਨ ਨਾਮਕ ਸੰਸਥਾ ਸਿੱਖਿਆ ਵਿਭਾਗ ਨਾਲ ਮਿਲ ਕੇ ਕੰਮ ਕਰੇਗੀ। ਸਿੱਖ ਧਰਮ ਨੂੰ ਸਮਾਜਿਕ ਵਿਗਿਆਨ ਦੇ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ਸੰਸਥਾ ਨਾਲ ਹੱਥ ਮਿਲਾਉਣ ਵਾਲਾ ਕਨੈਕਟੀਕਟ ਅਮਰੀਕਾ ਦਾ 18ਵਾਂ ਸੂਬਾ ਬਣ ਗਿਆ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਵਾਸ਼ਿੰਗਟਨ ਨੇ ਸਕੂਲੀ ਪਾਠਕ੍ਰਮ ਵਿੱਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਸੀ।
