ਜਲੰਧਰ, ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਡੀ.ਏ.ਵੀ.ਕਾਲਜ ਜਲੰਧਰ ਦੇ ਪ੍ਰਤੀਯੋਗੀ ਪ੍ਰੀਖਿਆ ਕੇਂਦਰ ਨੇ ਸਿਵਲ ਸੇਵਾ ਇਮਤਿਹਾਨ ਕਿਵੇਂ ਪਾਸ ਕਰੀਏ? ਵਿਸ਼ੇ ‘ਤੇ ਇੱਕ ਗੈਸਟ ਲੈਕਚਰ-ਕਮ-ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋ: ਪੂਜਾ ਸ਼ਰਮਾ (ਇੰਚਾਰਜ ਸੀ.ਸੀ.ਈ.) ਨੇ ਮੁੱਖ ਬੁਲਾਰੇ ਡਾ: ਮ੍ਰਿਣਾਲ ਸ਼ਰਮਾ (ਆਬਕਾਰੀ ਅਤੇ ਕਰ ਅਫ਼ਸਰ, ਮੁਹਾਲੀ) ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਡਾ: ਮ੍ਰਿਣਾਲ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਪੀ.ਸੀ.ਐਸ ਦੀ ਪ੍ਰੀਖਿਆ ਪਾਸ ਕੀਤੀ ਸੀ। ਪ੍ਰੋ: ਪੂਜਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਸਖ਼ਤ ਮਿਹਨਤ, ਅਤੇ ਲਗਨ ਦੀ ਲੋੜ ਹੁੰਦੀ ਹੈ। ਸੀ.ਸੀ.ਈ. ਹਮੇਸ਼ਾ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਲਈ ਮਾਰਗਦਰਸ਼ਨ ਕਰਦਾ ਹੈ। ਸੀਨੀਅਰ ਵਾਈਸ ਪ੍ਰਿੰਸੀਪਲ ਪ੍ਰੋ: ਅਰਚਨਾ ਓਬਰਾਏ ਨੇ ਡਾ: ਮ੍ਰਿਣਾਲ ਸ਼ਰਮਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |
ਡਾ.ਮ੍ਰਿਣਾਲ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ‘ਰਣਨੀਤਕ’ ਢੰਗ ਨਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਅੱਗੇ ਵਧ ਸਕਦਾ ਹੈ, ਬਸ਼ਰਤੇ ਉਸ ਵਿੱਚ ਲੋੜੀਂਦਾ ਜਨੂੰਨ ਹੋਵੇ। ਵਿਦਿਆਰਥੀਆਂ ਕੋਲ ਕਾਫ਼ੀ ਸਰੋਤ ਉਪਲਬਧ ਹਨ ਅਤੇ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਪ੍ਰੀਖਿਆ ਪਾਸ ਕਰਨ ਦੇ ਨੁਕਤਿਆਂ ‘ਤੇ ਚਰਚਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਰਾਸ਼ਟਰਵਾਦ, ਧਰਮ ਨਿਰਪੱਖਤਾ, ਲਿੰਗ ਭੇਦ ਆਦਿ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਹਿਊਮੈਨਟੀਜ਼, ਕਾਮਰਸ ਅਤੇ ਸਾਇੰਸ ਦੀਆਂ ਵੱਖ-ਵੱਖ ਧਾਰਾਵਾਂ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਭਾਸ਼ਣ ਨੂੰ ਬੜੇ ਉਤਸ਼ਾਹ ਨਾਲ ਸੁਣਿਆ ਅਤੇ ਗੱਲਬਾਤ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
