ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਸ਼ੁੱਕਰਵਾਰ ਸਵੇਰੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਅੰਨਾ ਹਜ਼ਾਰੇ ਇਨ੍ਹੀਂ ਦਿਨੀਂ ਅਹਿਮਦ ਨਗਰ (ਮਹਾਰਾਸ਼ਟਰ) ਵਿੱਚ ਹਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਆਪਣੇ ਕਰਮਾਂ ਕਾਰਨ ਹੋਈ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਕੀਤੀ ਗਈ ਗ੍ਰਿਫਤਾਰੀ ‘ਤੇ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਕਹਿਣਾ ਹੈ, ”ਮੈਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਾਂ ਕਿ ਅਰਵਿੰਦ ਕੇਜਰੀਵਾਲ, ਜੋ ਮੇਰੇ ਨਾਲ ਕੰਮ ਕਰਦੇ ਸੀ, ਸ਼ਰਾਬ ਦੇ ਖਿਲਾਫ ਆਵਾਜ਼ ਉਠਾਉਂਦੇ ਸੀ, ਹੁਣ ਸ਼ਰਾਬ ਦੀਆਂ ਨੀਤੀਆਂ ਬਣਾ ਰਹੇ ਹਨ। ਆਪਣੇ ਹੀ ਕਰਮਾਂ ਕਾਰਨ ਉਨ੍ਹਾਂ ਦੀ ਗ੍ਰਿਫਤਾਰ ਇਸ ਲਈ ਹੋਈ ਹੈ।
ਜ਼ਿਕਰਯੋਗ ਹੈ ਕਿ ਅੰਨਾ ਹਜ਼ਾਰੇ ਇੱਕ ਭਾਰਤੀ ਸਮਾਜਿਕ ਕਾਰਕੁਨ ਹਨ ਜਿਨ੍ਹਾਂ ਨੇ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ, ਸਰਕਾਰੀ ਪਾਰਦਰਸ਼ਤਾ ਵਧਾਉਣ ਅਤੇ ਜਨਤਕ ਜੀਵਨ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਅਤੇ ਸਜ਼ਾ ਦੇਣ ਲਈ ਅੰਦੋਲਨਾਂ ਦੀ ਅਗਵਾਈ ਕੀਤੀ। ਜ਼ਮੀਨੀ ਪੱਧਰ ਦੀਆਂ ਲਹਿਰਾਂ ਨੂੰ ਸੰਗਠਿਤ ਕਰਨ ਅਤੇ ਉਤਸ਼ਾਹਿਤ ਕਰਨ ਤੋਂ ਇਲਾਵਾ, ਅੰਨਾ ਹਜ਼ਾਰੇ ਨੇ ਆਪਣੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਅਕਸਰ ਭੁੱਖ ਹੜਤਾਲਾਂ ਕੀਤੀਆਂ।
