ਫਰੀਦਕੋਟ, 25 ਸਤੰਬਰ (ਹਿ. ਸ.) 2024 ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਵਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦੀ ਵਾਗਡੋਰ ਸੌਂਪਣ ਲਈ ਉਤਾਵਲੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਭੂਸ਼ਣ ਬਾਂਸਲ ਨੇ ਕੀਤਾ। ਉਨ੍ਹਾਂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਅਤੇ ਭਾਰਤ ਮਾਤਾ ਦੇ ਬਹਾਦਰ ਸੈਨਿਕਾਂ, ਵਿਗਿਆਨੀਆਂ, ਕਿਸਾਨਾਂ ਅਤੇ ਹੁਨਰਮੰਦ ਨੌਜਵਾਨਾਂ ਦੀ ਬਹਾਦਰੀ ਸਦਕਾ ਭਾਰਤ ਵਿਸ਼ਵ ਪੱਧਰ ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਭਾਰਤ ਨੂੰ ਪੂਰੀ ਦੁਨੀਆਂ ਵਿੱਚ ਨੌਜਵਾਨਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ, ਜੋਂ ਕਿ ਇੱਕ ਬਹੁਤ ਵੱਡਾ ਮਨੁੱਖੀ ਵਸੀਲਾ ਬਣ ਕੇ ਭਾਰਤ ਦੇ ਵਿਕਾਸ ਲਈ ਵੱਡਾ ਯੋਗਦਾਨ ਪਾਵੇਗਾ। ਐਡਵੋਕੇਟ ਭੂਸ਼ਣ ਬਾਂਸਲ ਨੇ ਅੱਗੇ ਕਿਹਾ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਕੂਟਨੀਤੀ ਅਤੇ ਵਿਦੇਸ਼ ਨੀਤੀ ਸਫਲ ਰਹੀ ਹੈ ਅਤੇ ਭਾਰਤ 2027 ਤੋਂ ਪਹਿਲਾਂ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਭਾਰਤ ਨੂੰ ਵਿਸ਼ਵ ਦੀ ਅਗਵਾਈ ਕਰਦਾ ਦੇਖਣਗੀਆਂ। ਉਨ੍ਹਾਂ ਨੇ ਕਿਹਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਦੇ ਅਧਾਰ ਤੇ ਵੱਡੀ ਜਿੱਤ ਹੋਵੇਗੀ ਤੇ ਇੰਡੀਆ ਗਠਜੋੜ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਹਿੰਦੂਸਥਾਨ ਸਮਾਚਾਰ /ਦਵਿੰਦਰ /ਸੰਜੀਵ
