
ਹੁਸ਼ਿਆਰਪੁਰ, 25 ਸਤੰਬਰ (ਹਿ. ਸ.)। ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਮਨੁੱਖਤਾ ਦੀ ਸੱਚੀ ਸੇਵਾ ਕਰ ਰਹੀ ਹੈ, ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਹਨੇਰੀ ਜਿੰਦਗੀਆਂ ਨੂੰ ਰੌਸ਼ਨ ਕਰਕੇ ਸੁਸਾਇਟੀ ਮਾਨਵ ਕਲਿਆਣ ਦਾ ਬਹੁਤ ਵੱਡਾ ਕਾਰਜ ਕਰ ਰਹੀ ਹੈ। ਉਹ ਐਤਵਾਰ ਨੂੰ ਮਾਡਲ ਟਾਊਨ ਕਲੱਬ ਵਿਚ ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦੇ 14ਵੇਂ ਸਥਾਪਨਾ ਦਿਵਸ ’ਤੇ ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਸੁਸਾਇਟੀ ਦੇ ਪ੍ਰਧਾਨ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿਚ ਆਯੋਜਿਤ ਇਸ ਸਮਾਗਮ ਵਿਚ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੁਸਾਇਟੀ ਦੇ ਪਿਛਲੇ 14 ਸਾਲਾਂ ਦੇ ਕਾਰਜਕਾਲ ਦੌਰਾਨ 3850 ਤੋਂ ਵੱਧ ਲੋਕਾਂ ਨੂੰ ਜਿਸ ਵਿਚ 470 ਬੱਚੇ (6 ਮਹੀਨੇ ਤੋਂ ਲੈ ਕੇ 16 ਸਾਲ ਤੱਕ ਦੇ) ਜੋ ਹਨੇਰੀ ਜਿੰਦਗੀ ਜੀਅ ਰਹੇ ਸਨ, ਉਨ੍ਹਾਂ ਨੂੰ ਰੌਸ਼ਨੀ ਪ੍ਰਦਾਨ ਕਰਕੇ ਇਸ ਸੁੰਦਰ ਸੰਸਾਰ ਨੂੰ ਦੇਖਣ ਯੋਗ ਬਣਾਇਆ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ ਬਹਿਲ ਨੇ ਸੁਸਾਇਟੀ ਦੇ 14 ਸਾਲ ਦੇ ਕਾਰਜਕਾਲ ਨੂੰ ਵਿਸਥਾਰ ਨਾਲ ਦੱਸਿਆ। ਸਮਾਗਮ ਵਿਚ ਮਾ. ਕ੍ਰਿਸ਼ਨ ਅਰੋੜਾ, ਸੁਲਖਨ ਸਿੰਘ, ਗੌਰਵ ਜਿਨ੍ਹਾਂ ਨੇ ਸਰੀਰ ਦਾਨ ਦੇ ਪ੍ਰਣ ਪੱਤਰ ਭਰੇ, ਉਨ੍ਹਾਂ ਨੂੰ ਸੁਸਾਇਟੀ ਵਲੋਂ ਸਨਮਾਨ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
