ਭੋਪਾਲ, 25 ਸਤੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸੋਮਵਾਰ) ਮੱਧ ਪ੍ਰਦੇਸ਼ ਦੇ ਇੱਕ ਦਿਨਾਂ ਦੌਰੇ ’ਤੇ ਭੋਪਾਲ ਪਹੁੰਚ ਰਹੇ ਹਨ। ਉਹ ਇੱਥੇ ਜੰਬੂਰੀ ਮੈਦਾਨ ਵਿੱਚ ਆਯੋਜਿਤ ਭਾਜਪਾ ਵਰਕਰਾਂ ਦੇ ਮਹਾਕੁੰਭ ਵਿੱਚ ਸ਼ਾਮਲ ਹੋਣਗੇ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਸਤੰਬਰ ’ਚ ਪ੍ਰਧਾਨ ਮੰਤਰੀ ਮੋਦੀ ਦੀ ਮੱਧ ਪ੍ਰਦੇਸ਼ ਦੀ ਇਹ ਦੂਜੀ ਯਾਤਰਾ ਹੈ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਉਹ ਬੀਨਾ ਰਿਫਾਇਨਰੀ ਦੇ ਪੈਟਰੋ ਕੈਮੀਕਲ ਕੰਪਲੈਕਸ ਦਾ ਭੂਮੀ ਪੂਜਨ ਕਰਨ ਲਈ ਸਾਗਰ ਜ਼ਿਲ੍ਹੇ ਦੇ ਬੀਨਾ ਆਏ ਸਨ।
ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਆਸ਼ੀਸ਼ ਅਗਰਵਾਲ ਨੇ ਦੱਸਿਆ ਕਿ ਅਖੰਡ ਮਾਨਵਵਾਦ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਯੰਤੀ ’ਤੇ ਅੱਜ ਭੋਪਾਲ ਦੇ ਜੰਬੂਰੀ ਮੈਦਾਨ ’ਚ ਵਰਕਰ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਸਵੇਰੇ 11 ਵਜੇ ਭੋਪਾਲ ਪਹੁੰਚਣਗੇ ਅਤੇ ਜੰਬੂਰੀ ਮੈਦਾਨ ਵਿੱਚ ਵਰਕਰ ਮਹਾਕੁੰਭ ਵਿੱਚ ਸ਼ਾਮਲ ਹੋਣ ਵਾਲੇ 10 ਲੱਖ ਵਰਕਰਾਂ ਨੂੰ ਸੰਬੋਧਨ ਕਰਨਗੇ। ਮਾਤ ਸ਼ਕਤੀ ਮਹਾਕੁੰਭ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਨਾਰੀ ਸ਼ਕਤੀ ਵੰਦਨ ਐਕਟ ਲਈ ਵਧਾਈ ਦੇਵੇਗੀ। ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੁਪਹਿਰ 1 ਵਜੇ ਭੋਪਾਲ ਤੋਂ ਰਵਾਨਾ ਹੋਣਗੇ।
ਰਾਜ ਦੇ ਗ੍ਰਹਿ ਅਤੇ ਜੇਲ੍ਹ ਮੰਤਰੀ ਡਾ. ਨਰੋਤਮ ਮਿਸ਼ਰਾ ਭੋਪਾਲ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ। ਹਵਾਈ ਅੱਡੇ ਤੋਂ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਜੰਬੂਰੀ ਮੈਦਾਨ ਪਹੁੰਚਣਗੇ। ਪ੍ਰਧਾਨ ਮੰਤਰੀ ਦੇ ਇੱਥੇ ਹੈਲੀਪੈਡ ’ਤੇ ਪਹੁੰਚਣ ’ਤੇ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰੀ ਭੂਪੇਂਦਰ ਸਿੰਘ ਸਵਾਗਤ ਕਰਨਗੇ। ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਭੋਪਾਲ ’ਚ ਮੁੱਖ ਸਮਾਗਮ ਵਾਲੀ ਥਾਂ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ। ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਭੂਪੇਂਦਰ ਯਾਦਵ ਸਮੇਤ ਸੂਬੇ ਦੇ ਮੰਤਰੀ, ਲੋਕ ਨੁਮਾਇੰਦੇ ਅਤੇ ਲੱਖਾਂ ਵਰਕਰ ਹਿੱਸਾ ਲੈਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
