ਖੰਨਾ, 16 ਅਕਤੂਬਰ (ਹਿ. ਸ.)। ਆਮ ਆਦਮੀ ਪਾਰਟੀ ਨੇ ਸਥਾਨਕ ਲੋਕਾਂ ਦੀ ਸੜਕ ਬਣਾਉਣ ਦੀ 50 ਸਾਲਾਂ ਦੀ ਲੰਬੀ ਮੰਗ ਨੂੰ ਪੂਰਾ ਕਰ ਦਿੱਤਾ ਹੈ ਅਤੇ ਅੱਜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕਰਵਾਇਆ।
ਪਿੰਡ ਲਲਹੇੜੀ ਵਿਚ ਨੀਂਹ ਪੱਥਰ ਰੱਖਣ ਪਹੁੰਚੇ ਵਿਧਾਇਕ ਸੌਂਦ ਨੇ ਉੱਥੇ ਮੌਜੂਦ ਬਜ਼ੁਰਗ ਔਰਤਾਂ ਤੋਂ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰਖਵਾਇਆ ਅਤੇ ਆਸ਼ੀਰਵਾਦ ਵੀ ਲਿਆ। ਵਿਧਾਇਕ ਨੇ ਕਿਹਾ ਕਿ ਇੱਥੋਂ ਦੇ ਲੋਕ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਮੁੱਖ ਮੰਤਰੀ ਵੱਲੋਂ ਭੇਜੇ ਵਿਸ਼ੇਸ਼ ਫੰਡ ਨਾਲ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਟੈਂਡਰ ਲਗਵਾਏ। ਪਿੰਡ ਲਲਹੇੜੀ ਪੀਰ ਬਾਬਾ ਦੀ ਦਰਗਾਹ ਤੋਂ ਰਤਨਹੇੜੀ ਵਾਇਆ ਮੰਡੀ ਗੋਬਿੰਦਗੜ੍ਹ ਤੱਕ ਕਰੀਬ ਇੱਕ ਕਿਲੋਮੀਟਰ 18 ਫੁੱਟ ਚੌੜੀ ਸੜਕ ਬਣਾਈ ਜਾਵੇਗੀ। ਇਸੇ ਤਰ੍ਹਾਂ ਦੂਜੀ ਸੜਕ ਖੰਨਾ ਪਬਲਿਕ ਸਕੂਲ ਤੋਂ ਆਜ਼ਾਦ ਨਗਰ ਤੱਕ ਬਣਾਈ ਜਾਵੇਗੀ।
ਵਿਧਾਇਕ ਸੌਂਦ ਨੇ ਪੰਜਾਬ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਸੜਕ ਦੇ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਘਟੀਆ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ। ਜੇਕਰ ਕੋਈ ਅਣਗਹਿਲੀ ਹੋਈ ਤਾਂ ਉਹ ਬਖਸ਼ਣਗੇ ਨਹੀਂ। ਇਸਦੇ ਨਾਲ ਹੀ ਲੋਕਾਂ ਨੂੰ ਨਿਰਮਾਣ ਕਾਰਜਾਂ ਦੌਰਾਨ ਸਮੇਂ-ਸਮੇਂ ”ਤੇ ਚੈਕਿੰਗ ਕਰਦੇ ਰਹਿਣ ਲਈ ਵੀ ਕਿਹਾ ਗਿਆ।
ਉੱਥੇ ਹੀ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਸੜਕ ਬਣਾਉਣ ਦੀ ਮੰਗ ਕਰ ਰਹੇ ਸਨ। ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਿਹਾ ਗਿਆ, ਪਰ ਕਿਸੇ ਨੇ ਸਾਰ ਵੀ ਨਹੀਂ ਲਈ ਸੀ। ਇਸ ਵਾਰ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਡੇਢ ਸਾਲ ਦੇ ਅੰਦਰ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਇਨ੍ਹਾਂ ਸੜਕਾਂ ਦੇ ਬਣਨ ਨਾਲ ਕਈ ਪਿੰਡਾਂ ਦੀ ਆਵਾਜਾਈ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਨਾਲ ਜੁੜ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲੀ ਬੱਚੇ ਵੀ ਕਾਫੀ ਪ੍ਰੇਸ਼ਾਨ ਸਨ, ਹੁਣ ਉਨ੍ਹਾਂ ਨੂੰ ਵੀ ਇਹ ਸਹੂਲਤ ਮਿਲੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
