ਦਸੂਹਾ/ਹੁਸ਼ਿਆਰਪੁਰ, 27 ਨਵੰਬਰ (ਹਿ. ਸ.)। ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਦਸੂਹਾ ਦੇ ਪਿੰਡ ਨਰੈਣਗੜ੍ਹ ਵਿਖੇ ਨਵੇਂ ਬਣੇ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਮੌਕੇ ਵਿਧਾਇਕ ਘੁੰਮਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੀਬ 22 ਲੱਖ ਰੁਪਏ ਦੀ ਲਾਗਤ ਨਾਲ ਇਹ ਆਲੀਸ਼ਾਨ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਵਾਲੀਬਾਲ ਦਾ ਖੇਡ ਮੈਦਾਨ , ਫੁੱਟਬਾਲ ਦਾ ਮੈਦਾਨ, ਸੈਰ ਕਰਨ ਲਈ ਪਾਰਕ ਟਰੈਕ, ਬੱਚਿਆਂ ਵਾਸਤੇ ਝੂਲੇ ਅਤੇ ਨੌਜਵਾਨਾਂ ਲਈ ਓਪਨ ਜਿੰਮ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਦਸੂਹਾ ਹਲਕੇ ਵਿਚ ਇਹ ਅਜਿਹਾ ਤੀਸਰਾ ਖੇਡ ਪਾਰਕ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਪਾਰਕ ਵੀ ਤਿਆਰ ਹੋ ਰਹੇ ਹਨ ਜੋ ਜਲਦ ਹੀ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ‘ਚ ਖੇਡਣ ਨਾਲ ਨੌਜਵਾਨ ਤੰਦਰੁਸਤ ਤੇ ਰਿਸਟ-ਪੁਸ਼ਟ ਰਹਿਣਗੇ ਅਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ। ਇਸੇ ਤਰ੍ਹਾਂ ਇਹ ਮੈਦਾਨ ਬਜ਼ੁਰਗਾਂ ਅਤੇ ਬੱਚਿਆਂ ਲਈ ਵੀ ਵਰਦਾਨ ਸਾਬਿਤ ਹੋਣਗੇ। ਇਸ ਮੌਕੇ ਸਮੂਹ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਪਹਿਲੀ ਵਾਰ ਕੋਈ ਸਰਕਾਰ ਗਲੀਆਂ- ਨਾਲ਼ੀਆਂ ਤੋਂ ਹੱਟ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਾਰਕ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
