ਮੁਹਾਲੀ, 09 ਦਸੰਬਰ (ਹਿ. ਸ.)। ਸਰਕਾਰੀ ਸਕੂਲਾਂ ਦੇ 6ਵੀਂ ਜਮਾਤ ’ਚ ਪੜ੍ਹਦੇ ਵਿਦਿਆਰਥੀ ਵਿਦਿਅਕ ਟੂਰ ’ਤੇ ਜਾਣਗੇ। ਪੰਜਾਬ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਇਸ ਪਹਿਲਕਦਮੀ ਤਹਿਤ 9.98 ਕਰੋੜ ਰੁਪਏ ਖ਼ਰਚ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਦਾ ਵੱਡੀ ਗਿਣਤੀ ਵਿਦਿਆਰਥੀ ਲਾਭ ਲੈ ਸਕਣਗੇ। ਇਸ ਫੇਰੀ ਦੌਰਾਨ ਵਿਦਿਆਰਥੀ ਪੰਜਾਬ ਦੇ ਵਿਗਿਆਨਿਕ ਤੇ ਇਤਿਹਾਸਕ ਮਹੱਤਤਾ ਰੱਖਦੇ ਸਥਾਨਾਂ ਦੀ ਸੈਰ ਕਰਨਗੇ। ਇਸ ਨੂੰ 31 ਜਨਵਰੀ 2024 ਤੱਕ ਹਰ ਹਾਲ ’ਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ।
ਐੱਸਸੀਈਆਰਟੀ ਦੇ ਡਾਇਰੈਕਟਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਢੁੱਕਵੇਂ ਵਾਹਨਾਂ/ਵੈਨਾਂ ਦੀ ਚੋਣ ਕੀਤੀ ਜਾਵੇ।ਸੂਬਾ ਪੱਧਰੀ ਐਲਰੋਲਮੈਂਟ ਦੇ ਹਿਸਾਬ ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਵਿਚੋਂ ਵਿਦਿਅਕ ਫੇਰੀ ਲਈ ਸਭ ਤੋਂ ਵੱਧ ਵਿਦਿਆਰਥੀ ਲੁਧਿਆਣੇ ਨਾਲ ਸਬੰਧਤ ਹਨ।ਵਿਦਿਅਕ ਸੈਰ-ਸਪਾਟੇ ਵਾਸਤੇ ਪ੍ਰਤੀ-ਵਿਦਿਆਰਥੀ 500 ਰੁਪਏ ਹੀ ਖ਼ਰਚ ਕੀਤੇ ਜਾ ਸਕਣਗੇ। ਇਸ ਰਾਸ਼ੀ ਨਾਲ ਵਿਦਿਆਰਥੀਆਂ ਨੂੰ ਚਾਹ-ਪਾਣੀ ,ਖਾਣਾ ਤੇ ਹੋਰ ਰਿਫ਼ਰੈਸ਼ਮੈਂਟ ਤੋਂ ਇਲਾਵਾ ਟਰਾਂਸਪੋਰਟ/ ਫੁੱਟਕਲ ਖ਼ਰਚ ਵਾਸਤੇ ਵਰਤਿਆ ਜਾ ਸਕੇਗਾ।ਸਕੂਲ ਮੁੱਖੀਆਂ ਨੂੰ ਸੈਰ- ਸਪਾਟੇ ਦੀਆਂ ਥਾਂਵਾਂ ਦੇ ਨਾਂਅ ਵੀ ਭੇਜੇ ਗਏ ਹਨ। ਇਨ੍ਹਾਂ ਵਿਚ ਬੋਟੈਨੀਕਲ ਗਾਰਡਨ, ਚਿੜੀਆਘਰ, ਅਜਾਇਬ ਘਰ, ਜੰਗ-ਏ-ਆਜ਼ਾਦੀ, ਆਰਟ ਗੈਲਰੀ, ਡੈਮ ਤੇ ਪੁਰਾਤੱਤਵ ਸਥਾਨਾਂ ਨੂੰ ਚੁਣਿਆਂ ਗਿਆ ਹੈ।ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੈਰ-ਸਪਾਟੇ ਤੋਂ ਬਾਅਦ ਵਿਦਿਆਰਥੀਆਂ ਨੂੰ ਸਮੇਂ ਸਿਰ ਘਰ ਪਹੁੰਚਾਇਆ ਜਾਵੇ। ਅਧਿਕਾਰੀਆਂ ਨੇ ਇਹ ਵੀ ਹਿਦਾਇਤ ਕੀਤੀ ਹੈ ਕਿ ਟੂਰ ਦੌਰਾਨ ਹਰੇਕ ਵਿਦਿਆਰਥੀ ਸਕੂਲ ਦੀ ਵਰਦੀ ’ਚ ਹੋਵੇ ਅਤੇ ਮੁੱਢਲੀ ਸਹਾਇਤਾ ਵਾਲੀ ਕਿੱਟ ਹੋਣੀ ਵੀ ਲਾਜ਼ਮੀ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
