ਮੋਹਾਲੀ, 25 ਸਤੰਬਰ (ਹਿ. ਸ.)। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਭਾਰਤੀ ਸੰਵਿਧਾਨ ਨੂੰ ਮਨੂਸਮ੍ਰਿਤੀ ਵਿਚਾਰਧਾਰਾ ਵਲੋਂ ਪੈਦਾ ਹੋਏ ਖ਼ਤਰੇ, ਸੰਵਿਧਾਨ ਨੂੰ ਤੋੜਨ-ਮਰੋੜਨ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਟੀਮ ਸਮਾਜਿਕ ਸਮਾਨਤਾ ਸੰਗਠਨ (ਰਜਿ:) ਵਲੋਂ ਦੇਸ਼ ਭਰ ਵਿਚ ਬੀੜਾ ਚੁੱਕਿਆ ਗਿਆ ਹੈ। ਇਸ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟੀਮ ਸਮਾਜਿਕ ਸਮਾਨਤਾ ਸੰਗਠਨ ਦੇ ਪ੍ਰਧਾਨ ਖੁਸ਼ੀ ਰਾਮ (ਰਿਟਾ: ਆਈਏਐਸ), ਜਨਰਲ ਸਕੱਤਰ ਆਰ.ਐਲ. ਸੰਧੂ ਅਤੇ ਸੀ. ਮੀਤ ਪ੍ਰਧਾਨ ਕਰਨਲ ਜਗਤਾਰ ਸਿੰਘ ਅਤੇ ਡਾ. ਜਗਤਾਰ ਸਿੰਘ (ਰਿਟਾ: ਚੀਫ ਇੰਜੀਨੀਅਰ) ਨੇ ਦੱਸਿਆ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਵਲੋਂ ਲਿਖੇ ਸੰਵਿਧਾਨ ਵਿੱਚ ਸਾਰੇ ਵਰਗਾਂ ਦੇ ਲੋਕਾਂ ਲਈ ਸਮਾਨਤਾ, ਸਵਤੰਤਰਤਾ, ਭਾਈਚਾਰਾ ਅਤੇ ਨਿਆਂ ਦੀ ਵਿਵਸਥਾ ਯਕੀਨੀ ਬਣਾਈ ਗਈ ਹੈ, ਪਰ ਗਰੀਬਾਂ ਦੀ ਸਮਾਜਿਕ ਅਤੇ ਆਰਥਿਕ ਵਿਵਸਥਾ ਨੂੰ ਉਚਾ ਚੁੱਕਣ ਲਈ ਜੋ ਵਿਸ਼ੇਸ਼ ਉਪਬੰਦ ਕੀਤੇ ਗਏ ਹਨ ਅਤੇ ਜਿਨ੍ਹਾਂ ਦੇ ਆਧਾਰ ਤੇ ਗਰੀਬਾਂ ਦਾ ਸਮਾਜਿਕ ਅਤੇ ਆਰਥਿਕ ਵਿਵਸਥਾ ਵਿੱਚ ਸੁਧਾਰ ਹੋਇਆ ਹੈ। ਇਹ ਸਭ ਸੰਵਿਧਾਨ ਵਿਰੋਧੀ ਤਾਕਤਾਂ ਨੂੰ ਬਰਦਾਸ਼ਤ ਨਹੀਂ। ਸਾਡੇ ਗੁਰੂਆਂ, ਪੀਰਾਂ, ਰਹਿਬਰਾਂ ਨੇ ਵੀ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ ਅਤੇ ਇਸੇ ਸੋਚ ‘ਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਨੇ ਪਹਿਰਾ ਦਿੰਦਿਆਂ ਸੰਵਿਧਾਨ ਵਿਚ ਸਭ ਨੂੰ ਸਮਾਨਤਾ ਦਿੱਤੀ ਹੈ।
ਉਹਨਾਂ ਕਿਹਾ ਕਿ 24 ਸੰਗਠਨਾਂ ਦੀ ਇਕ ਮੰਚ ‘ਤੇ ਇਕਜੁੱਟਤਾ ਨੇ ਇਹ ਪ੍ਰਣ ਕੀਤਾ ਹੈ ਕਿ ਉਹ ਸੰਵਿਧਾਨ ਨੂੰ ਕਿਸੇ ਹਾਲਾਤ ਵਿੱਚ ਵੀ ਬਦਲਣ ਨਹੀਂ ਦੇਣਗੇ। ਜੇਕਰ ਸਮਾਜ ਨੂੰ ਮਜਬੂਰ ਕੀਤਾ ਗਿਆ ਅਤੇ ਲੋੜ ਪਈ ਤਾਂ ਹਰ ਕੁਰਬਾਨੀ ਲਈ ਵੀ ਤਿਆਰ ਹਨ ਅਤੇ ਸੰਵਿਧਾਨ ਵਿਰੋਧੀ ਅਤੇ ਮਨੂੰਵਾਦੀ ਵਿਚਾਰਧਾਰਾ ਰੱਖਣ ਵਾਲੇ ਅੰਧਵਿਸ਼ਵਾਸੀ, ਅੰਧਭਗਤ ਅਤੇ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਦਾ ਮੁਕਾਬਲਾ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਕੀਤਾ ਜਾਵੇਗਾ ਅਤੇ ਅਜਿਹੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ
