ਚੰਡੀਗੜ੍ਹ, 30 ਨਵੰਬਰ (ਹਿ. ਸ.)। ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਜਲੰਧਰ ‘ਚ ਮਾਂ-ਧੀ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਗੈਂਗਸਟਰ ਦਾ ਨਾਮ ਕਰਨਜੀਤ ਸਿੰਘ ਜੱਸਾ ਹੈ, ਜੋ ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਦੇ ਨਿਰਦੇਸ਼ਾਂ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਜੱਸਾ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਛੇ ਕੇਸ ਦਰਜ ਹਨ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਵੀਰਵਾਰ ਨੂੰ ਦੱਸਿਆ ਕਿ ਜਲੰਧਰ ਪੁਲਿਸ ਨੇ ਜੱਸਾ ਕੋਲੋਂ ਦੋ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲੰਧਰ ਦੇ ਅਮਰ ਨਗਰ ‘ਚ ਰਣਜੀਤ ਕੌਰ (ਮਾਂ) ਅਤੇ ਪ੍ਰੀਤੀ (ਧੀ) ਨੂੰ ਗੈਂਗਸਟਰ ਜੱਸਾ ਅਤੇ ਉਸਦੇ ਸਾਥੀ ਨੇ ਗੋਲੀ ਮਾਰ ਦਿੱਤੀ ਸੀ। ਇੰਨਾ ਹੀ ਨਹੀਂ ਸਬੂਤ ਨਸ਼ਟ ਕਰਨ ਲਈ ਲਾਸ਼ਾਂ ‘ਤੇ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ।
ਇਹ ਵਾਰਦਾਤ ਅਮਰੀਕਾ ਰਹਿੰਦੇ ਮ੍ਰਿਤਕ ਦੇ ਜਵਾਈ ਨੇ ਕਰਵਾਈ ਸੀ ਅਤੇ ਇਸਦੇ ਲਈ ਕਾਊਂਟਰ ਇੰਟੈਲੀਜੈਂਸ ਵੱਲੋਂ ਫੜੇ ਗਏ ਗੈਂਗਸਟਰ ਜੱਸਾ ਨੂੰ ਹਾਇਰ ਕੀਤਾ ਗਿਆ ਸੀ। ਦੋਸ਼ੀ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸੇ ਲਈ ਉਸਨੇ ਪ੍ਰੀਤੀ ਨੂੰ ਮਾਰਨ ਲਈ ਗੈਂਗਸਟਰ ਜੱਸਾ ਨੂੰ ਸੁਪਾਰੀ ਦਿੱਤੀ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
