ਤੇਲ ਅਵੀਵ, 30 ਨਵੰਬਰ (ਹਿ.ਸ.)। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗਬੰਦੀ ਨੂੰ ਇਕ ਹੋਰ ਦਿਨ ਲਈ ਵਧਾ ਦਿੱਤਾ ਗਿਆ ਹੈ। ਦੋਵੇਂ ਧਿਰਾਂ ਜੰਗਬੰਦੀ ਨੂੰ ਹੋਰ 24 ਘੰਟਿਆਂ ਲਈ ਵਧਾਉਣ ਲਈ ਸਹਿਮਤ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਮਾਸ ਵੱਲੋਂ 10 ਬੰਧਕਾਂ ਦੀ ਸੂਚੀ ਇਜ਼ਰਾਈਲ ਨੂੰ ਸੌਂਪੀ ਗਈ ਹੈ।
ਹਮਾਸ ਨੇ ਕਿਹਾ ਹੈ ਕਿ ਇਜ਼ਰਾਈਲ ਨਾਲ ਜੰਗਬੰਦੀ ਨੂੰ ਇੱਕ ਦਿਨ ਲਈ ਵਧਾ ਦਿੱਤਾ ਗਿਆ ਹੈ ਅਤੇ ਇਹ ਸੱਤਵੇਂ ਦਿਨ ਵੀ ਲਾਗੂ ਰਹੇਗੀ। ਇਜ਼ਰਾਈਲ ਅਤੇ ਹਮਾਸ ਨੇ ਪਿਛਲੇ ਬੁੱਧਵਾਰ ਨੂੰ ਚਾਰ ਦਿਨਾਂ ਦੀ ਜੰਗਬੰਦੀ ‘ਤੇ ਸਹਿਮਤੀ ਜਤਾਈ ਸੀ ਅਤੇ ਇਹ ਸਮਝੌਤਾ ਪਿਛਲੇ ਸ਼ੁੱਕਰਵਾਰ ਨੂੰ ਲਾਗੂ ਹੋਇਆ ਸੀ। ਇਸ ਦੌਰਾਨ ਹਮਾਸ ਵੱਲੋਂ 58 ਬੰਧਕਾਂ ਨੂੰ ਰਿਹਾਅ ਕੀਤਾ ਗਿਆ, ਜਿਨ੍ਹਾਂ ਵਿੱਚੋਂ 40 ਇਜ਼ਰਾਈਲੀ ਅਤੇ 17 ਥਾਈ ਨਾਗਰਿਕ ਸਨ। ਇਸ ਤੋਂ ਬਾਅਦ ਜੰਗਬੰਦੀ ਨੂੰ ਦੋ ਹੋਰ ਦਿਨਾਂ ਲਈ ਵਧਾ ਦਿੱਤਾ ਗਿਆ, ਜਿਸ ਵਿੱਚ 28 ਨਵੰਬਰ ਨੂੰ 10 ਇਜ਼ਰਾਈਲੀ ਅਤੇ ਦੋ ਥਾਈ ਨਾਗਰਿਕਾਂ ਨੂੰ ਰਿਹਾਅ ਕੀਤਾ ਗਿਆ। 29 ਨਵੰਬਰ ਨੂੰ 10 ਇਜ਼ਰਾਈਲੀ ਅਤੇ 4 ਥਾਈ ਨਾਗਰਿਕਾਂ ਨੂੰ ਰਿਹਾਅ ਕੀਤਾ ਗਿਆ।
ਇਸ ਦੌਰਾਨ ਇਜ਼ਰਾਈਲ ਦੁਆਰਾ ਤੈਅ ਕੀਤੇ ਗਏ ਫਲਸਤੀਨੀ ਕੈਦੀਆਂ ਨੂੰ ਆਪਣੀਆਂ ਦੀਆਂ ਜੇਲ੍ਹਾਂ ਤੋਂ ਰਿਹਾ ਕੀਤਾ ਜਾ ਰਿਹਾ ਹੈ। ਇਸ ਜੰਗਬੰਦੀ ਦਾ ਦੁਨੀਆ ਭਰ ਦੇ ਦੇਸ਼ਾਂ ਨੇ ਸਵਾਗਤ ਕੀਤਾ ਹੈ। ਇਸ ਦੌਰਾਨ ਜੰਗਬੰਦੀ ਪੂਰੀ ਤਰ੍ਹਾਂ ਲਾਗੂ ਹੈ। ਸਹਾਇਤਾ ਅਤੇ ਦਵਾਈਆਂ ਨਾਲ ਭਰੇ ਟਰੱਕ ਗਾਜ਼ਾ ਵਿੱਚ ਦਾਖਲ ਹੋ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
