ਸੰਗਰੂਰ, 28 ਸਤੰਬਰ (ਹਿ. ਸ.)। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਬੇਲੋੜੀ ਭੀੜ ਨੂੰ ਘਟਾਉਣ ਲਈ ਆਵਾਜਾਈ ਵਿਵਸਥਾ ਨੂੰ ਨਿਯੰਤਿ੍ਰਤ ਕਰਨ ਲਈ ਢੁਕਵੇਂ ਕਦਮ ਪੁੱਟੇ ਜਾਣ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਜ਼ਾਰਾਂ ਅੰਦਰ ਤੇ ਮੁੱਖ ਸੜਕਾਂ ਦੇ ਆਲੇ ਦੁਆਲੇ ਬੇਤਰਤੀਬੇ ਢੰਗ ਨਾਲ ਕੀਤੀ ਜਾਣ ਵਾਲੀ ਵਾਹਨਾਂ ਦੀ ਪਾਰਕਿੰਗ ਰਾਹਗੀਰਾਂ ਲਈ ਮੁਸ਼ਕਿਲਾਂ ਖੜੀਆਂ ਕਰਦੀ ਹੈ ਇਸ ਲਈ ਕਾਰਜਸਾਧਕ ਅਧਿਕਾਰੀ ਅਤੇ ਟਰੈਫਿਕ ਪੁਲਿਸ ਤਾਲਮੇਲ ਰੱਖਦੇ ਹੋਏ ਯੋਗ ਕਾਰਵਾਈ ਅਮਲ ਵਿੱਚ ਲਿਆਉਣ। ਉਨਾਂ ਇਹ ਵੀ ਕਿਹਾ ਕਿ ਜਿਹੜੇ ਹਸਪਤਾਲਾਂ, ਬੈਂਕਾਂ ਜਾਂ ਅਜਿਹੇ ਹੀ ਹੋਰ ਸੰਸਥਾਨਾਂ ਦੇ ਬਾਹਰ ਲੋਕ ਗਲਤ ਢੰਗ ਨਾਲ ਵਾਹਨਾਂ ਦੀ ਪਾਰਕਿੰਗ ਕਰਦੇ ਹਨ, ਉਨਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ।
ਮੀਟਿੰਗ ਦੌਰਾਨ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਡਾ. ਵਿਨੀਤ ਕੁਮਾਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਨੀਤੀ ਨੂੰ ਜ਼ਿਲੇ ਵਿੱਚ ਸਫ਼ਲਤਾ ਨਾਲ ਲਾਗੂ ਕਰਨ ਲਈ ਟਰੈਫਿਕ ਪੁਲਿਸ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਅਤੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਲਗਾਤਾਰ ਸਰਗਰਮ ਰਹਿਣ ਦੀ ਲੋੜ ਹੈ। ਮੀਟਿੰਗ ਦੌਰਾਨ ਏ.ਡੀ.ਸੀ ਵਿਕਾਸ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਤੇ ਪ੍ਰਾਈਵੇਟ ਤੌਰ ’ਤੇ ਚੱਲ ਰਹੀਆਂ ਐਂਬੂਲੈਂਸਾਂ ਵਿੱਚ ਜ਼ਰੂਰੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਟਰੱਕ ਚਾਲਕਾਂ ਨੂੰ ਸੁਚੱਜੀ ਪਾਰਕਿੰਗ ਸਬੰਧੀ ਜਾਣੂ ਕਰਵਾਉਣ ਹਿੱਤ ਮੀਟਿੰਗਾਂ ਕੀਤੀਆਂ ਜਾਣ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
