ਨਾਗਪੁਰ, 24 ਅਕਤੂਬਰ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ (ਸਰਸੰਘਚਾਲਕ) ਡਾ. ਮੋਹਨ ਰਾਓ ਭਾਗਵਤ ਨੇ ਵਿਜੇਦਸ਼ਮੀ ਦੇ ਦਿਨ ਸਮ੍ਰਿਤੀ ਮੰਦਰ ਵਿਖੇ ਡਾ. ਹੇਡਗੇਵਾਰ ਦੀ ਮੂਰਤੀ ਅਤੇ ਗੁਰੂਜੀ ਸਮ੍ਰਿਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਦੇ ਨਾਲ ਮਸ਼ਹੂਰ ਗਾਇਕ ਪਦਮਸ਼੍ਰੀ ਸ਼ੰਕਰ ਮਹਾਦੇਵਨ ਵੀ ਸਨ। ਸ਼ੰਕਰ ਮਹਾਦੇਵਨ ਆਰਐਸਐਸ ਦੀ ਸਥਾਪਨਾ ਦੇ 98ਵੇਂ ਵਰ੍ਹੇ ਮੌਕੇ ਕਰਵਾਏ ਗਏ ਮੁੱਖ ਸਮਾਗਮ ਦੇ ਮੁੱਖ ਮਹਿਮਾਨ ਹਨ। ਸਮ੍ਰਿਤੀ ਮੰਦਰ ਪਹੁੰਚਣ ਤੋਂ ਪਹਿਲਾਂ ਸਰਸੰਘਚਾਲਕ ਡਾ. ਮੋਹਨ ਭਾਗਵਤ ਅਤੇ ਸ਼ੰਕਰ ਮਹਾਦੇਵਨ ਨੇ ਨਾਗਪੁਰ ਦੇ ਸਵੈਮਸੇਵਕਾਂ ਦੇ ਥਪ ਸੰਚਲਨ ਦਾ ਵੀ ਉਦਘਾਟਨ ਕੀਤਾ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ 1925 ਵਿੱਚ ਵਿਜੇਦਸ਼ਮੀ ਦੇ ਦਿਨ ਨਾਗਪੁਰ ਵਿੱਚ ਮੋਹਿਤੇ ਕਾ ਬਾੜਾ ਨਾਮਕ ਸਥਾਨ ਉੱਤੇ ਕੀਤੀ ਗਈ ਸੀ। ਉਦੋਂ ਤੋਂ ਸੰਘ ਹਰ ਸਾਲ ਵਿਜੇਦਸ਼ਮੀ ਨੂੰ ਆਪਣਾ ਸਥਾਪਨਾ ਦਿਵਸ ਮਨਾਉਂਦਾ ਆ ਰਿਹਾ ਹੈ। ਹਰ ਸਾਲ ਸਮਾਜਿਕ ਜੀਵਨ ਦੀ ਇੱਕ ਉੱਘੀ ਸ਼ਖਸੀਅਤ ਜਨਤਕ ਸਮਾਗਮ ਦੇ ਮੁੱਖ ਮਹਿਮਾਨ ਹੁੰਦੀ ਹੈ, ਜਦੋਂ ਕਿ ਮੁੱਖ ਭਾਸ਼ਣ ਸੰਘ ਮੁਖੀ ਦੁਆਰਾ ਦਿੱਤਾ ਜਾਂਦਾ ਹੈ ਜਿਸ ਵਿੱਚ ਸੰਘ ਦੇ ਨੀਤੀ ਨਿਰਦੇਸ਼ਕ ਸਿਧਾਂਤ ਅਤੇ ਮੌਜੂਦਾ ਚੁਣੌਤੀਆਂ ਬਾਰੇ ਉਨ੍ਹਾਂ ਦਾ ਨਜ਼ਰੀਆ ਸਪੱਸ਼ਟ ਹੁੰਦਾ ਹੈ।
ਇਸ ਸਾਲ ਦੇ ਮੁੱਖ ਮਹਿਮਾਨ ਸ਼ੰਕਰ ਮਹਾਦੇਵਨ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਪਹਿਲਾਂ ਕਿਹਾ ਕਿ ਉਹ ਇਸ ਅਨੁਸ਼ਾਸਿਤ ਅਤੇ ਵਿਸ਼ਾਲ ਸੰਸਥਾ ਦੇ ਸਥਾਪਨਾ ਦਿਵਸ ‘ਤੇ ਦਿੱਤਾ ਗਿਆ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ ਹਨ। ਸਮਾਰੋਹ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਅਤੇ ਕੇਂਦਰੀ ਮੰਤਰੀ ਅਤੇ ਸਥਾਨਕ ਸੰਸਦ ਮੈਂਬਰ ਨਿਤਿਨ ਗਡਕਰੀ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।
