ਨਵੀਂ ਦਿੱਲੀ, 10 ਨਵੰਬਰ। ਰਾਸ਼ਟਰੀ ਰਾਜਧਾਨੀ ਦਿੱਲੀ-ਐੱਨਸੀਆਰ ਵਿੱਚ ਰਾਤ ਤੋਂ ਪੈ ਰਹੇ ਮੀਂਹ ਨੇ ਅੱਜ ਸਵੇਰੇ (ਸ਼ੁੱਕਰਵਾਰ) ਸਾਹਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਸਵੇਰੇ ਸੈਰ ਕਰਨ ਜਾਣ ਵਾਲਿਆਂ ਨੂੰ ਸਾਹ ਲੈਣ ਵਿੱਚ ਬਹੁਤੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਹਾਲਾਂਕਿ ਕਈ ਥਾਵਾਂ ‘ਤੇ ਹਵਾ ਦੀ ਗੁਣਵੱਤਾ ਅਜੇ ਵੀ ਖਰਾਬ ਹੈ। ਜੇਕਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਯਕੀਨੀ ਤੌਰ ‘ਤੇ ਸੁਧਾਰ ਹੋ ਸਕਦਾ ਹੈ। ਇਸ ਸੰਕਟ ਦੇ ਫੌਰੀ ਹੱਲ ਲਈ ਸਰਕਾਰ ਅਤੇ ਅਦਾਲਤ ਲਗਾਤਾਰ ਯਤਨਸ਼ੀਲ ਹਨ। ਅਸਮਾਨ ਵਿੱਚ ਬੱਦਲਾਂ ਨੂੰ ਦੇਖ ਕੇ ਲੱਗਦਾ ਹੈ ਕਿ ਕੁਦਰਤ ਨੇ ਵੀ ਮੋਰਚਾ ਸੰਭਾਲ ਲਿਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ-ਐੱਨਸੀਆਰ ਵਿੱਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਦਾ ਪੱਧਰ ਅੱਜ ਸਵੇਰੇ 400 ਤੱਕ ਡਿੱਗ ਗਿਆ। ਵੀਰਵਾਰ ਨੂੰ ਇਹ 500 ਨੂੰ ਪਾਰ ਕਰ ਗਿਆ ਸੀ। ਅੱਜ ਸਵੇਰੇ ਆਨੰਦ ਵਿਹਾਰ ਵਿੱਚ ਏਕਿਊਆਈ 462, ਆਰਕੇ ਪੁਰਮ ਵਿੱਚ 461, ਪੰਜਾਬੀ ਬਾਗ ਵਿੱਚ 460 ਅਤੇ ਆਈਟੀਓ ਵਿੱਚ 464 ਰਿਹਾ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਦਿੱਲੀ-ਐੱਨਸੀਆਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਹਵਾ ਪ੍ਰਦੂਸ਼ਣ ਵਿੱਚ ਹੋਰ ਸੁਧਾਰ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ-ਐੱਨਸੀਆਰ ਦੀ ਹਵਾ ਇਕ ਹਫਤੇ ਤੋਂ ਇੰਨੀ ਜ਼ਹਿਰੀਲੀ ਸੀ ਕਿ ਰਾਜਧਾਨੀ ਦਾ ਕੋਈ ਵੀ ਖੇਤਰ ਸਾਹ ਲੈਣ ਯੋਗ ਨਹੀਂ ਸੀ। ਅੱਜ ਹੋਈ ਰਾਹਤ ਭਰੀ ਬਾਰਿਸ਼ ਨਾਲ ਲੋਕਾਂ ਨੂੰ ਸ਼ੁੱਧ ਹਵਾ ਵੀ ਮਿਲੀ ਹੈ।
