ਨਵੀਂ ਦਿੱਲੀ, 18 ਅਕਤੂਬਰ। ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਤੋਂ ਬਾਅਦ ਉੱਥੇ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਮੋਦੀ ਸਰਕਾਰ ਦੇ ਆਪਰੇਸ਼ਨ ਅਜੇ ਦੇ ਤਹਿਤ ਪੰਜਵੀਂ ਉਡਾਣ ਮੰਗਲਵਾਰ ਰਾਤ 11 ਵਜੇ ਪਾਲਮ ਹਵਾਈ ਅੱਡੇ ‘ਤੇ ਪਹੁੰਚੀ। ਸਪਾਈਸਜੈੱਟ ਦੇ ਇਸ ਜਹਾਜ਼ ਰਾਹੀਂ 286 ਲੋਕਾਂ ਨੂੰ ਲਿਆਂਦਾ ਗਿਆ। ਇਨ੍ਹਾਂ ਲੋਕਾਂ ਨੇ ਇਸ ਮੌਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਇਨ੍ਹਾਂ ਵਿੱਚ 268 ਭਾਰਤੀ ਅਤੇ 18 ਨੇਪਾਲੀ ਨਾਗਰਿਕ ਸ਼ਾਮਲ ਹਨ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਹਵਾਈ ਅੱਡੇ ‘ਤੇ ਸਾਰਿਆਂ ਦਾ ਸਵਾਗਤ ਕੀਤਾ।
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਐਕਸ ‘ਤੇ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਦੱਸਿਆ ਗਿਆ ਹੈ ਕਿ ਸਪਾਈਸਜੈੱਟ ਦੇ ਇਸ ਜਹਾਜ਼ (ਏ.340) ‘ਚ ਐਤਵਾਰ ਨੂੰ ਤੇਲ ਅਵੀਵ ‘ਚ ਲੈਂਡਿੰਗ ਤੋਂ ਬਾਅਦ ਤਕਨੀਕੀ ਖਰਾਬੀ ਆ ਗਈ ਸੀ। ਇਸ ਕਾਰਨ ਜਹਾਜ਼ ਨੂੰ ਜਾਰਡਨ ਲਿਜਾਇਆ ਗਿਆ।
ਐਲ ਮੁਰੂਗਨ ਨੇ ਕਿਹਾ ਹੈ ਕਿ ਸਰਕਾਰ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਉਹ ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ ਜੋ ਆਪਣੇ ਵਤਨ ਪਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਹੈ ਕਿ ਆਪਰੇਸ਼ਨ ਅਜੇ ਦੇ ਤਹਿਤ 1100 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
