ਨਵੀਂ ਦਿੱਲੀ, । ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਜਲ ਬੋਰਡ (ਡੀਜੇਬੀ) ਘੁਟਾਲਾ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਜਲ ਬੋਰਡ ਦੇ ਸਾਬਕਾ ਚੀਫ ਇੰਜੀਨੀਅਰ ਜਗਦੀਸ਼ ਕੁਮਾਰ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਅਲਕਾ ਅਰੋੜਾ ਅਤੇ ਹੋਰਾਂ ਦੀ 8.80 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ‘ਐਕਸ’ ਪੋਸਟ ‘ਤੇ ਜਾਰੀ ਇਕ ਬਿਆਨ ‘ਚ ਕਿਹਾ ਕਿ ਦਿੱਲੀ ਜਲ ਬੋਰਡ ਦੇ ਤਤਕਾਲੀ ਚੀਫ ਇੰਜੀਨੀਅਰ ਜਗਦੀਸ਼ ਕੁਮਾਰ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਅਲਕਾ ਅਰੋੜਾ, ਮੈ. ਇੰਟੀਗ੍ਰਲ ਸਕ੍ਰੂ ਇੰਡਸਟਰੀਜ਼ ਦੇ ਮਾਲਕ ਅਨਿਲ ਕੁਮਾਰ ਅਗਰਵਾਲ (ਉਪ ਠੇਕੇਦਾਰ) ਅਤੇ ਮੈਸਰਜ਼ ਐਨਕੇਜੀ ਇਨਫ੍ਰਾਸਟ੍ਰਕਚਰ ਲਿਮਟਿਡ (ਡੀਜੇਬੀ ਦੇ ਠੇਕੇਦਾਰ) ਨਾਲ ਸਬੰਧਿਤ ਕੁੱਲ 8.80 ਕਰੋੜ ਰੁਪਏ ਦੀਆਂ ਵੱਖ-ਵੱਖ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਕੁਰਕ ਕੀਤਾ ਗਿਆ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ), 2002 ਦੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ। ਈਡੀ ਦੇ ਅਨੁਸਾਰ, ਇਹ ਅਚੱਲ ਜਾਇਦਾਦ ਦਿੱਲੀ ਵਿੱਚ ਸਥਿਤ ਹੈ। ਚੱਲ ਜਾਇਦਾਦ ਵੀ ਕੁਰਕ ਕੀਤੀ ਹੈ।
ਇਸ ਤੋਂ ਇਲਾਵਾ ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) 2002 ਦੀਆਂ ਵਿਵਸਥਾਵਾਂ ਤਹਿਤ ਰਜਿੰਦਰ ਕੁਮਾਰ ਗੁਪਤਾ, ਸਾਬਕਾ ਸੀਐਮਡੀ, ਡਬਲਯੂਏਪੀਸੀਓਐਸ ਲਿਮਟਿਡ, ਉਨ੍ਹਾਂ ਦੀ ਪਤਨੀ ਰੀਮਾ ਸਿੰਗਲ ਅਤੇ ਉਨ੍ਹਾਂ ਦੇ ਪੁੱਤਰ ਗੌਰਵ ਸਿੰਗਲ ਦੀ ਕੁੱਲ 3.27 ਕਰੋੜ ਰੁਪਏ ਦੀ ਕੀਮਤ ਦੀ ਗੁੜਗਾਓ ਸਥਿਤ ਅਚੱਲ ਜਾਇਦਾਦ ਵੀ ਕੁਰਕ ਕੀਤੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਜਲ ਬੋਰਡ ਘੁਟਾਲੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕਰ ਰਹੀ ਹੈ। ਸੀਬੀਆਈ ਵੱਲੋਂ ਦਰਜ ਐਫਆਈਆਰ ਦੇ ਆਧਾਰ ’ਤੇ ਈਡੀ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਦਿੱਲੀ ਜਲ ਬੋਰਡ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨਾਲ ਸਬੰਧਤ ਮਾਮਲੇ ਸ਼ਾਮਲ ਹਨ।
