ਨਵੀਂ ਦਿੱਲੀ, 31 ਜਨਵਰੀ। ਸੰਸਦ ਦਾ ਸੰਖੇਪ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਇਸ ਦੀ ਸ਼ੁਰੂਆਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਨਾਲ ਹੋਵੇਗੀ। ਉਹ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਸੈਸ਼ਨ ਵਿੱਚ ਕੁੱਲ ਅੱਠ ਮੀਟਿੰਗਾਂ ਦਾ ਪ੍ਰਸਤਾਵ ਹੈ। ਅੰਤਰਿਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੰਤਰਿਮ ਬਜਟ ਸੈਸ਼ਨ 2024 ਭਾਵ 17ਵੀਂ ਲੋਕ ਸਭਾ ਦਾ ਆਖਰੀ ਸੈਸ਼ਨ (31 ਜਨਵਰੀ ਤੋਂ 9 ਫਰਵਰੀ) ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤ ਨੇ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਸਾਲ ਅਪ੍ਰੈਲ-ਮਈ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਬਣਨ ਵਾਲੀ ਨਵੀਂ ਸਰਕਾਰ ਪੂਰਾ ਬਜਟ ਬਾਅਦ ‘ਚ ਪੇਸ਼ ਕਰੇਗੀ।
ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ। ਇਸ ਲਈ ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਤਾਰ੍ਹਵੀਂ ਲੋਕ ਸਭਾ ਦਾ ਇਹ ਆਖਰੀ ਸੈਸ਼ਨ ਹੋਵੇਗਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਅਤੇ 11 ਅਪ੍ਰੈਲ ਤੋਂ 19 ਮਈ ਦਰਮਿਆਨ ਸੱਤ ਪੜਾਵਾਂ ਵਿੱਚ ਵੋਟਿੰਗ ਹੋਈ ਸੀ।
