ਪਟਨਾ, 30 ਜਨਵਰੀ। ਬਿਹਾਰ ‘ਚ ਸੱਤਾ ਪਰਿਵਰਤਨ ਤੋਂ ਬਾਅਦ ਲਾਲੂ ਯਾਦਵ ਦੀ ਪਾਰਟੀ ਆਰਜੇਡੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਤੋਂ ਇਲਾਵਾ ਕਾਂਗਰਸ ਦੀ ਭਾਰਤ ਜੋੜੋ ਨਿਆ ਯਾਤਰਾ ‘ਤੇ ਵੀ ਇਸ ਦਾ ਕਾਫੀ ਅਸਰ ਪਿਆ ਹੈ। ਪੂਰਨੀਆ ‘ਚ ਰਾਹੁਲ ਗਾਂਧੀ ਨਾਲ ਲਾਲੂ ਯਾਦਵ ਅਤੇ ਤੇਜਸਵੀ ਯਾਦਵ ਦੇ ਇੱਕੋ ਮੰਚ ‘ਤੇ ਨਾ ਆਉਣ ਕਾਰਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਰਾਹੁਲ ਬਿਹਾਰ ਵਿੱਚ ਆਪਣੇ ਸਹਿਯੋਗੀਆਂ ਨਾਲ ਜਿੰਨੀ ਤਾਕਤ ਦਿਖਾਉਣਾ ਚਾਹੁੰਦੇ ਸਨ, ਉਹ ਅਜਿਹਾ ਕੁਝ ਵੀ ਨਹੀਂ ਕਰ ਸਕੇ।
ਬਿਹਾਰ ‘ਚ ਆਪਣੀ ਮਜ਼ਬੂਤ ਤਾਕਤ ਦਿਖਾਉਣ ਲਈ ਕਾਂਗਰਸ ਦੀ ਭਾਰਤ ਜੋੜੋ ਨਿਆ ਯਾਤਰਾ ਕਿਸ਼ਨਗੰਜ ਦੇ ਰਸਤੇ ਬਿਹਾਰ ‘ਚ ਦਾਖਲ ਹੋਈ ਹੈ। ਉਮੀਦ ਕੀਤੀ ਜਾ ਰਹੀ ਸੀ ਕਿ 30 ਜਨਵਰੀ ਨੂੰ ਪੂਰਨੀਆ ‘ਚ ਹੋਣ ਵਾਲੀ ਰਾਹੁਲ ਗਾਂਧੀ ਦੀ ਜਨ ਸਭਾ ‘ਚ ਕਾਂਗਰਸ ਆਪਣੇ ਸਹਿਯੋਗੀ ਦਲਾਂ ਨੂੰ ਇਕੱਠੇ ਕਰੇਗੀ ਅਤੇ ਏਕਤਾ ਦਾ ਸੰਦੇਸ਼ ਦੇਵੇਗੀ, ਪਰ ਈਡੀ ਦੇ ਲਾਲੂ ਯਾਦਵ ਅਤੇ ਤੇਜਸਵੀ ਯਾਦਵ ਨੂੰ ਨੌਕਰੀ ਬਦਲੇ ਜ਼ਮੀਨ ਘੁਟਾਲੇ ’ਚ ਪੁੱਛਗਿਛ ਲਈ ਬੁਲਾਉਣ ਕਰਕੇ ਕਾਂਗਰਸ ਤੇ ਰਾਹੁਲ ਗਾਂਧੀ ਨੂੰ ਝਟਕਾ ਲੱਗਾ ਹੈ।
ਕਾਂਗਰਸ ਰਾਹੁਲ ਗਾਂਧੀ ਦੀ ਪੂਰਨੀਆ ਜਨ ਸਭਾ ਵਿੱਚ ਆਪਣੀ ਤਾਕਤ ਦਿਖਾਉਣਾ ਚਾਹੁੰਦੀ ਹੈ। ਇਸ ਦੇ ਲਈ ਕਾਂਗਰਸ ਨੇ ਪਿਛਲੇ 15 ਦਿਨਾਂ ਤੋਂ ਭਾਰੀ ਤਿਆਰੀਆਂ ਕੀਤੀਆਂ ਸਨ। ਕਾਂਗਰਸ ਦੇ ਸੂਬਾ ਪ੍ਰਧਾਨ ਅਖਿਲੇਸ਼ ਸਿੰਘ ਨੇ ‘ਇੰਡੀਆ’ ਗਠਜੋੜ ਦੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਸੀ। ਇਸ ਵਿੱਚ ਲਾਲੂ ਯਾਦਵ ਅਤੇ ਤੇਜਸਵੀ ਯਾਦਵ ਵੀ ਸ਼ਾਮਲ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਲਾਲੂ ਅਤੇ ਤੇਜਸਵੀ ਦੇ ਪੂਰਨੀਆਂ ’ਚ ਰਾਹੁਲ ਗਾਂਧੀ ਨਾਲ ਸਟੇਜ ਸਾਂਝੀ ਕਰਨ ਨਾਲ ਭਾਰੀ ਭੀੜ ਜੁੱਟਦੀ। ਇੰਨਾ ਹੀ ਨਹੀਂ ਰਾਹੁਲ, ਲਾਲੂ ਅਤੇ ਤੇਜਸਵੀ ਦੇ ਮੰਚ ‘ਤੇ ਇਕੱਠੇ ਹੋਣ ਨਾਲ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦੀ ਏਕਤਾ ਦਾ ਨਜ਼ਾਰਾ ਦੇਖਣ ਨੂੰ ਮਿਲਦਾ, ਪਰ ਈਡੀ ਦੀ ਜਾਂਚ ਨੇ ਕਾਂਗਰਸ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
