ਜੰਮੂ, 17 ਅਕਤੂਬਰ। ਜੰਮੂ ਦੇ ਪ੍ਰਸਿੱਧ 170 ਸਾਲ ਪੁਰਾਣੇ ਰਣਵੀਰੇਸ਼ਵਰ ਮੰਦਰ ਦੀ ਇਮਾਰਤ ਦਾ ਇੱਕ ਹਿੱਸਾ ਮੀਂਹ ਦੌਰਾਨ ਢਹਿ ਗਿਆ ਹੈ। ਸੂਚਨਾ ਮਿਲਦੇ ਹੀ ਐੱਸ.ਡੀ.ਆਰ.ਐੱਫ., ਸਿਵਲ ਡਿਫੈਂਸ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਖਰਾਬ ਮੌਸਮ ਵਿਚਾਲੇ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਮੰਦਰ ਦੇ ਪਾਵਨ ਅਸਥਾਨ ਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪੁੱਜਾ ਹੈ। ਜੰਮੂ ਦੇ ਮੇਅਰ ਰਾਜਿੰਦਰ ਸ਼ਰਮਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਮੰਦਰ ਦੀ ਇਮਾਰਤ ਬਹੁਤ ਪੁਰਾਣੀ ਹੋਣ ਕਾਰਨ ਇਹ ਨੁਕਸਾਨ ਹੋਇਆ ਹੈ। ਜੰਮੂ-ਕਸ਼ਮੀਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਅਜਾਤਸ਼ਤਰੂ ਸਿੰਘ ਅਤੇ ਰਣਵਿਜੇ ਸਿੰਘ ਵੀ ਮੌਕੇ ‘ਤੇ ਪਹੁੰਚੇ। ਅਜਾਤਸ਼ਤ੍ਰੂ ਨੇ ਕਿਹਾ ਕਿ ਉਹ ਇਸ ਹਾਦਸੇ ਤੋਂ ਸਦਮੇ ‘ਚ ਹਨ ਅਤੇ ਇਹ ਜੰਮੂ ਸ਼ਹਿਰ ਦੇ ਪੁਰਾਣੇ ਮੰਦਰਾਂ ‘ਚੋਂ ਇਕ ਹੈ। ਮੰਨਿਆ ਜਾ ਰਿਹਾ ਹੈ ਕਿ ਬਿਜਲੀ ਡਿੱਗਣ ਕਾਰਨ ਮੰਦਰ ਨੂੰ ਨੁਕਸਾਨ ਪਹੁੰਚਿਆ ਹੈ। ਹਾਦਸੇ ਦੀ ਜਾਂਚ ਲਈ ਜਾਂਚ ਕਮੇਟੀ ਬਣਾਈ ਜਾਵੇਗੀ। ਮਲਬਾ ਹਟਾਏ ਜਾਣ ਤੋਂ ਬਾਅਦ ਇਸ ਮੰਦਿਰ ਦਾ ਦੁਬਾਰਾ ਨਵੀਨੀਕਰਨ ਕੀਤਾ ਜਾਵੇਗਾ।
ਆਮ ਦਿਨਾਂ ਦੇ ਮੁਕਾਬਲੇ ਇਸ ਮੰਦਿਰ ਵਿੱਚ ਨਰਾਤਿਆਂ ਦੌਰਾਨ ਲੋਕਾਂ ਦੀ ਭਾਰੀ ਭੀੜ ਹੁੰਦੀ ਹੈ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਸਿੱਧ ਰਣਵੀਰੇਸ਼ਵਰ ਮੰਦਿਰ ਉੱਤਰੀ ਭਾਰਤ ਦਾ ਇੱਕੋ ਇੱਕ ਸ਼ਿਵ ਮੰਦਰ ਹੈ ਜਿੱਥੇ ਭਗਵਾਨ ਸ਼ਿਵ ਦੀ ਮੂਰਤੀ ਮੁੱਛਾਂ ਵਾਲੀ ਹੈ। ਮਹਾਰਾਜਾ ਰਣਵੀਰੇਸ਼ਵਰ ਨੇ ਇਸ ਮੰਦਰ ਦੀ ਸਥਾਪਨਾ ਕੀਤੀ ਸੀ ਅਤੇ ਇਹ ਸਕੱਤਰੇਤ ਦੇ ਬਿਲਕੁਲ ਸਾਹਮਣੇ ਸਥਿਤ ਹੈ।
