ਅਮਰੋਹਾ, 10 ਜਨਵਰੀ (ਹਿ.ਸ.)। ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਸੈਦਨਗਲੀ ਥਾਣਾ ਖੇਤਰ ਵਿੱਚ ਕੜਾਕੇ ਦੀ ਸਰਦੀ ਤੋਂ ਬਚਣ ਲਈ ਤਸਲੇ ’ਚ ਅੱਗ ਬਾਲ ਕੇ ਇੱਕ ਪਰਿਵਾਰ ਕਮਰੇ ਵਿੱਚ ਸੌਂ ਗਿਆ। ਅਗਲੇ ਦਿਨ ਹੀ ਪਰਿਵਾਰ ਦੇ ਪੰਜ ਜੀਆਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ ਅਤੇ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਿੰਡ ਅਲੀਪੁਰ ਭੂੜ ਉਰਫ਼ ਢੱਕਾ ਮੋੜ ਦਾ ਰਹਿਣ ਵਾਲਾ ਰਹੀਸੁਦੀਨ ਟਰੱਕ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਸ ਦੇ ਪਰਿਵਾਰ ‘ਚ ਪਤਨੀ ਹੁਸਨਜਹਾਂ, ਉਸਦੀ ਦੀ ਬੇਟੀ ਸੋਨਮ, ਵੱਡਾ ਬੇਟਾ ਜ਼ੈਦ, ਛੋਟਾ ਬੇਟਾ ਮਾਹੀਰ ਹਨ। ਧਨੌਰਾ ਵਾਸੀ ਸਾਢੂ ਆਸ ਮੁਹੰਮਦ ਵਾਸੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਤਨੀ ਆਪਣੀ ਲੜਕੀ ਕਸ਼ਿਸ਼ ਨਾਲ ਰਹਿਸੁਦੀਨ ਦੇ ਘਰ ਗਈ ਸੀ। ਟਰੱਕ ਡਰਾਈਵਰ ਰਹਿਸੁਦੀਨ ਦਾ ਸਾਲਾ ਰਿਆਸਤ, ਵਾਸੀ ਸਿਹਾਲੀ ਜਗੀਰ, ਉਸਦੀ ਲੜਕੀ ਮਹਿਕ ਵੀ ਆਏ ਹੋਏ ਸਨ। ਜਦੋਂਕਿ ਟਰੱਕ ਡਰਾਈਵਰ ਰਈਸੁਦੀਨ ਚਾਰ ਦਿਨ ਪਹਿਲਾਂ ਹੀ ਟਰੱਕ ਚਲਾਉਣ ਲਈ ਕਾਸ਼ੀਪੁਰ ਗਿਆ ਸੀ। ਇਸੇ ਦੌਰਾਨ ਮੰਗਲਵਾਰ ਰਾਤ ਕੜਾਕੇ ਦੀ ਠੰਢ ਤੋਂ ਬਚਣ ਲਈ ਪਰਿਵਾਰਕ ਮੈਂਬਰ ਕਮਰੇ ਵਿੱਚ ਅੰਗੀਠੀ ਬਾਲ ਕੇ ਸੌਂ ਗਏ। ਬੁੱਧਵਾਰ ਨੂੰ ਡਰਾਈਵਰ ਨੇ ਆਪਣੀ ਪਤਨੀ ਦਾ ਹਾਲ-ਚਾਲ ਪੁੱਛਣ ਲਈ ਫੋਨ ਕੀਤਾ। ਜਦੋਂ ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਆਇਆ ਤਾਂ ਉਸਨੇ ਆਪਣੇ ਛੋਟੇ ਭਰਾ ਗੱਬਰੂ ਨੂੰ ਫੋਨ ਕਰਕੇ ਘਰ ਦਾ ਹਾਲ-ਚਾਲ ਲੈਣ ਲਈ ਭੇਜਿਆ।
ਦਿਓਰ ਜਦੋਂ ਘਰ ਪਹੁੰਚਿਆ ਤਾਂ ਉਸਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਇਸ ਦੌਰਾਨ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ। ਗੱਬਰੂ ਇਲਾਕੇ ਦੇ ਲੋਕਾਂ ਨਾਲ ਛੱਤ ਰਾਹੀਂ ਕਮਰੇ ਵਿੱਚ ਦਾਖਲ ਹੋਇਆ। ਉਸਨੇ ਦੇਖਿਆ ਕਿ ਸਾਰੇ ਬੇਹੋਸ਼ ਪਏ ਹੋਏ ਸਨ ਅਤੇ ਕਮਰਾ ਧੂੰਏਂ ਨਾਲ ਭਰਿਆ ਹੋਇਆ ਸੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸਾਰਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਹੀਸੁਦੀਨ ਦੀ ਪਤਨੀ ਹੁਸਨਜਹਾਂ ਅਤੇ ਸਾਲੇ ਰਿਆਸਤ ਦੀ ਹਾਲਤ ਨਾਜ਼ੁਕ ਦੱਸੀ ਹੈ। ਪਰਿਵਾਰ ਦੇ ਪੰਜ ਮੈਂਬਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਕੁਮਾਰ ਤਿਆਗੀ ਅਤੇ ਐੱਸ.ਪੀ. ਕੁੰਵਰ ਅਨੁਪਮ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਫੋਰੈਂਸਿਕ ਟੀਮ ਨਾਲ ਮਿਲ ਕੇ ਕਮਰੇ ਵਿੱਚ ਉਸ ਜਗ੍ਹਾ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਜਿੱਥੇ ਤਸਲੇ ਵਿੱਚ ਕੋਲਾ ਜਲਾਇਆ ਗਿਆ ਸੀ।
ਐੱਸ. ਪੀ. ਅਨੁਸਾਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰਾਂ ਦਾ ਸੁੱਤੇ ਹੋਏ ਦਮ ਘੁਟ ਗਿਆ ਹੈ। ਜੇ ਉਹ ਜਾਗਦੇ ਹੁੰਦੇ ਤਾਂ ਉਹ ਜ਼ਰੂਰ ਘਰੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰਦੇ। ਫਿਲਹਾਲ ਇਹ ਘਟਨਾ ਸੋਮਵਾਰ ਰਾਤ ਦੀ ਹੈ। ਮੰਗਲਵਾਰ ਨੂੰ ਪੂਰਾ ਪਰਿਵਾਰ ਦਿਨ ਭਰ ਕਮਰੇ ‘ਚ ਪਿਆ ਰਿਹਾ। ਇੱਥੋਂ ਤੱਕ ਕਿ ਗੁਆਂਢੀਆਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
